ਪੰਜਾਬ: LOVE MARRIAGE ਤੋਂ ਕੁਝ ਚਿਰ ਬਾਅਦ ਹੀ ਮੁੰਡੇ ਦੀ ਮੌਤ! ਪਰਿਵਾਰ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

Wednesday, Jul 29, 2026 - 03:12 PM (IST)

ਪੰਜਾਬ: LOVE MARRIAGE ਤੋਂ ਕੁਝ ਚਿਰ ਬਾਅਦ ਹੀ ਮੁੰਡੇ ਦੀ ਮੌਤ! ਪਰਿਵਾਰ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਲੁਧਿਆਣਾ (ਰਾਜ): ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਦੀ ਵਿਆਹ ਤੋਂ ਮਹਿਜ਼ 8 ਮਹੀਨੇ ਬਾਅਦ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਹੁਰਾ ਪਰਿਵਾਰ 'ਤੇ ਰੰਜਿਸ਼ ਤਹਿਤ ਜ਼ਹਿਰ ਦੇ ਕੇ ਕਤਲ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਇਸੇ ਵਿਵਾਦ ਕਾਰਨ ਨੌਜਵਾਨ ਦੀ ਲਾਸ਼ ਤਿੰਨ ਦਿਨਾਂ ਤਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਿਆ ਰਿਹਾ, ਜਿਸ ਮਗਰੋਂ ਪੁਲਸ ਨੇ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। 

ਜਾਣਕਾਰੀ ਮੁਤਾਬਕ, ਅਰਵਿੰਦ ਨੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਕੁਝ ਮਹੀਨਿਆਂ ਤਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ, ਪਰ ਬਾਅਦ ਵਿਚ ਪੰਚਾਇਤੀ ਰਾਜ਼ੀਨਾਮਾ ਹੋ ਗਿਆ। ਇਸ ਮਗਰੋਂ ਸਹੁਰਾ ਪਰਿਵਾਰ ਨੇ ਹੀ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਕਿਰਾਏ 'ਤੇ ਮਕਾਨ ਲੈ ਦਿੱਤਾ। ਵਿਆਹ ਤੋਂ 8 ਮਹੀਨੇ ਬਾਅਦ ਅਚਾਨਕ ਅਰਵਿੰਦ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਗੋਵਿੰਦ ਦਾ ਦੋਸ਼ ਹੈ ਕਿ ਕੁੜੀ ਦੇ ਪਰਿਵਾਰਕ ਮੈਂਬਰ ਅਰਵਿੰਦ ਤੋਂ ਰੰਜਿਸ਼ ਰੱਖਦੇ ਸਨ, ਕਿਉਂਕਿ ਉਹ ਉਨ੍ਹਾਂ ਦੀ ਧੀ ਨੂੰ ਭਜਾ ਕੇ ਲੈ ਗਿਆ ਸੀ। ਗੋਵਿੰਦ ਨੇ ਦੋਸ਼ ਲਗਾਇਆ ਕਿ ਅਰਵਿੰਦ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਦੇ ਸਹੁਰੇ ਨੇ ਅਰਵਿੰਦ ਦੀ ਮਾਂ ਨੂੰ ਫ਼ੋਨ ਕਰ ਕੇ ਧਮਕੀ ਦਿੱਤੀ ਸੀ ਕਿ 'ਇਹ ਕੱਲ੍ਹ ਜੇਲ੍ਹ ਜਾਵੇਗਾ।' ਗੋਵਿੰਦ ਦਾ ਕਹਿਣਾ ਹੈ ਕਿ ਸਹੁਰਾ ਪਰਿਵਾਰ ਵਾਲੇ ਹੁਣ ਇਹ ਝੂਠੀ ਕਹਾਣੀ ਬਣਾ ਰਹੇ ਹਨ ਕਿ ਅਰਵਿੰਦ ਨੂੰ ਸੱਪ ਨੇ ਡੰਗਿਆ ਹੈ, ਜਦਕਿ ਅਸਲ ਵਿਚ ਉਸ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਜ਼ਹਿਰ ਦੇ ਕੇ ਮਾਰਿਆ ਗਿਆ ਹੈ। 

ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਦੋਸ਼ ਲਗਾਏ ਜਾਣ ਕਾਰਨ 3 ਦਿਨਾਂ ਤਕ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਈ ਰਹੀ। ਇਸ ਮਗਰੋਂ ਪੁਲਸ ਨੇ ਡਾਕਟਰਾਂ ਦੇ ਵਿਸ਼ੇਸ਼ ਬੋਰਡ ਦਾ ਗਠਨ ਕਰਵਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਪਰਿਵਾਰ ਨੂੰ ਸੌਂਪ ਦਿੱਤਾ, ਜਿਸ ਮਗਰੋਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ, ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿਚ ਅਰਵਿੰਦ ਦੇ ਸਿਰ 'ਤੇ ਹਲਕੀ ਸੱਟ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਮੌਤ ਦੇ ਅਸਲ ਤੇ ਸਹੀ ਕਾਰਨਾਂ ਦਾ ਖ਼ੁਲਾਸਾ ਵਿਸਰਾ ਦੀ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਥਾਣਾ ਸਾਹਨੇਵਾਲ ਦੀ ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਵਿਸਰਾ ਰਿਪੋਰਟ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


author

Anmol Tagra

Content Editor

Related News