ਪੰਜਾਬ ਵਕਫ ਬੋਰਡ ''ਚ 88 ਲੱਖ ਦੇ ਘਪਲੇ ਦਾ ਮਾਮਲਾ, ਚੇਅਰਮੈਨ ਨੇ ਵਟੀ ਚੁੱਪ

05/10/2019 10:06:48 AM

ਜਲੰਧਰ (ਅਲੀ) - ਆਈ. ਜੀ. ਫੈਯਾਜ ਫਾਰੂਕੀ ਦੇ ਪੰਜਾਬ ਵਕਫ ਬੋਰਡ ਦੇ ਮੈਂਬਰ ਬਣਨ ਨਾਲ ਪੰਜਾਬ ਦੇ ਮੁਸਲਮਾਨਾਂ ਨੂੰ ਬੋਰਡ 'ਚ ਸੁਧਾਰ ਦੀਆਂ ਕਾਫੀ ਉਮੀਦਾਂ ਹਨ, ਕਿਉਂਕਿ ਮੁਹੰਮਦ ਫੈਯਾਜ ਫਾਰੂਕੀ ਨੂੰ ਇਕ ਈਮਾਨਦਾਰ ਤੇ ਰਸੂਖਦਾਰ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ। ਜਦੋਂਕਿ ਇਸ ਦੇ ਉਲਟ ਪੰਜਾਬ ਵਕਫ ਬੋਰਡ ਦੇ ਬਾਰੇ ਪੰਜਾਬ ਦਾ ਬੱਚਾ-ਬੱਚਾ ਇਹ ਜਾਣਕਾਰੀ ਰੱਖਦਾ ਹੈ ਕਿ ਕਥਿਤ ਤੌਰ 'ਤੇ ਪੰਜਾਬ ਵਕਫ ਬੋਰਡ ਨਾਲੋਂ ਭ੍ਰਿਸ਼ਟ ਸੰਸਥਾ ਸ਼ਾਇਦ ਕੋਈ ਦੂਜੀ ਨਹੀਂ। ਵਕਫ ਬੋਰਡ ਨੇ 3 ਸਾਲ ਪਹਿਲਾਂ ਪੰਜਾਬ ਵਕਫ ਬੋਰਡ ਦੇ ਖਾਤੇ 'ਚੋਂ 88 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਕੇ ਜਾਂਚ ਦੇ ਨਾਂ 'ਤੇ ਲਟਕਾਈ ਰੱਖਿਆ ਤੇ ਕਰੀਬ 3 ਸਾਲਾਂ ਤੋਂ ਵਧ ਸਮੇਂ ਤੋਂ 88 ਲੱਖ ਦੇ ਚੈੱਕ ਧੋਖਾਦੇਹੀ ਦਾ ਮਾਮਲਾ ਲਟਕਿਆ ਹੋਇਆ ਹੈ। ਇਸ ਮਾਮਲੇ 'ਚ ਜਿੱਥੇ ਪ੍ਰਧਾਨ ਜੁਨੈਦ ਰਜ਼ਾ ਖਾਨ ਚੁੱਪ ਵੱਟੀ ਬੈਠੇ ਹਨ ਉਥੇ ਜੋ ਮੈਂਬਰ ਇਸ ਧੋਖਾਦੇਹੀ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਰ ਰਹੇ ਸਨ, ਉਹ ਵੀ ਹੁਣ ਚੁੱਪ ਹਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ 88 ਲੱਖ ਦੀ ਧੋਖਾਦੇਹੀ ਹੋਈ ਉਹ ਪੈਸਾ ਬੋਰਡ ਵਲੋਂ ਜਾਰੀ ਕੀਤੇ ਗਏ ਚੈੱਕਾਂ ਰਾਹੀਂ ਕੱਢਿਆ ਗਿਆ। ਉਸ ਸਮੇਂ ਇਹ ਚੈੱਕ ਕਿਸ ਦੇ ਕਬਜ਼ੇ ਵਿਚ ਸਨ ਉਨ੍ਹਾਂ ਚੈੱਕਾਂ 'ਤੇ ਕਿਸ ਦੇ ਹਸਤਾਖਰ ਹੋਏ, ਇਹ ਕੋਈ ਇੰਨਾ ਵੱਡਾ ਮੁੱਦਾ ਨਹੀਂ ਸੀ ਜਿਸ ਦੀ ਚੇਅਰਮੈਨ ਜੁਨੈਜ ਰਜ਼ਾ ਖਾਨ ਜਾਂਚ ਕਰਵਾ ਕੇ ਅਪਰਾਧੀਆਂ ਨੂੰ ਸਾਹਮਣੇ ਲਿਆ ਸਕਦੇ ਸਨ। ਇਸ ਘਪਲੇ ਨੂੰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਹੱਲ ਨਾ ਹੋਣ ਨਾਲ ਬੋਰਡ ਦੇ ਕੁਝ ਮੈਂਬਰਾਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ। ਇਹ ਤਾਂ ਇਕ ਮਾਮਲਾ ਹੈ ਜੋ ਸਾਹਮਣੇ ਆ ਗਿਆ ਪਰ ਪਤਾ ਨਹੀਂ ਕਿੰਨੇ ਮਾਮਲੇ ਹੋਰ ਹਨ ਜੋ ਬੋਰਡ ਦੀਆਂ ਫਾਈਲਾਂ ਵਿਚ ਦੱਬ ਕੇ ਰਹਿ ਗਏ ਹਨ। ਭਾਵੇਂ ਬੋਰਡ ਦੀ ਜ਼ਮੀਨ ਨੂੰ ਕਰਮਚਾਰੀਆਂ ਅਤੇ ਪ੍ਰਸ਼ਾਸਕਾਂ ਵਲੋਂ ਕਥਿਤ ਤੌਰ 'ਤੇ ਖੁਰਦ ਬੁਰਦ ਕਰਨ ਦਾ ਮਾਮਲਾ ਹੋਵੇ ਜਾਂ ਮਿਲੀਭੁਗਤ ਕਰ ਕੇ ਬੋਰਡ ਜ਼ਮੀਨ 'ਤੇ ਕਬਜ਼ਾ ਕਰਵਾਉਣ ਦਾ ਮਾਮਲਾ ਹੋਵੇ ਤੇ ਭਾਵੇਂ ਪੱਟੇ 'ਤੇ ਦਿੱਤੀ ਜਾਣ ਵਾਲੀ ਜ਼ਮੀਨ ਵਿਚ ਹੋ ਰਹੀ ਭਾਰੀ ਘਪਲੇਬਾਜ਼ੀ ਦਾ ਮਾਮਲਾ ਹੋਵੇ। ਇਨ੍ਹਾਂ ਸਾਰੇ ਮਾਮਲਿਆਂ ਨਾਲ ਬੋਰਡ ਦਾ ਅਕਸ ਖਰਾਬ ਹੋਇਆ ਹੈ। ਜਿੰਨੀ ਮਨਮਰਜ਼ੀ ਨਾਲ ਮੌਜੂਦਾ ਬੋਰਡ ਕੰਮ ਕਰ ਰਿਹਾ ਹੈ ਇਸ ਤੋਂ ਪਹਿਲਾਂ ਕਦੇ ਕਿਸੇ ਬੋਰਡ ਨੇ ਇਸ ਤਰ੍ਹਾਂ ਕੰਮ ਨਹੀਂ ਕੀਤਾ।

ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕ ਹੁਣ ਆਈ. ਜੀ. ਫੈਯਾਜ ਫਾਰੂਕੀ ਤੋਂ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਉਹ ਜਿੱਥੇ ਵਕਫ ਬੋਰਡ ਵਿਚ ਹੋਏ 88 ਲੱਖ ਦੇ ਘਪਲੇ ਦੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣਗੇ। ਉਥੇ ਬੋਰਡ ਵਿਚ ਹੋ ਰਹੀ ਕਥਿਤ ਘਪਲੇਬਾਜ਼ੀ ਦੇ ਖਿਲਾਫ ਵੀ ਆਵਾਜ਼ ਬੁਲੰਦ ਕਰਨਗੇ ਤੇ ਬੋਰਡ ਦੇ ਪੈਸਿਆਂ ਦੀ ਸਹੀ ਥਾਂ ਵਰਤੋਂ ਕਰਵਾਉਣ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ।


rajwinder kaur

Content Editor

Related News