ਵਿਧਾਨ ਸਭਾ ਦੇ ਹੰਗਾਮੇ ਦਾ ਸੱਚ ਸਾਹਮਣੇ ਲਿਆਉਣ ਲਈ ਸਪੀਕਰ ਜਾਰੀ ਕਰਨ ਸੀ. ਸੀ. ਟੀ. ਵੀ. ਫੁਟੇਜ : ਜਾਖੜ

06/24/2017 7:38:08 PM

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ 'ਚ ਹੋਏ ਘਟਨਾਕ੍ਰਮ ਦੇ ਮਾਮਲੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪੀਕਰ ਨੂੰ ਇਸ ਸਾਰੇ ਮਾਮਲੇ 'ਤੇ ਖੁਲਾਸਾ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਪ੍ਰਧਾਨ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਾਖੜ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਜੋ ਕੁੱਝ ਵੀ ਹੋਇਆ ਇਹ ਮੰਦਭਾਗਾ ਸੀ ਪਰ ਜਿਹੜੇ ਦੋਸ਼ ਵਿਰੋਧੀ ਧਿਰਾਂ ਵਲੋਂ ਕਾਂਗਰਸ 'ਤੇ ਲਗਾਏ ਗਏ ਹਨ ਇਸ ਸਭ ਦਾ ਖੁਲਾਸਾ ਕਰਨ ਲਈ ਉਹ ਸਪੀਕਰ ਨੂੰ ਵਿਧਾਨ ਸਭਾ ਦੀ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਨ ਦੀ ਅਪੀਲ ਕਰਦੇ ਹਨ ਤਾਂ ਜੋ ਅਸਲ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ ਕਿ ਕਿਸ ਨੇ ਪਹਿਲਾਂ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ ਮੁੱਕੀ ਕੀਤੀ ਅਤੇ ਕਿਸ ਤਰ੍ਹਾਂ ਹੰਗਾਮਾ ਸ਼ੁਰੂ ਹੋਇਆ।
ਇਸ ਦੌਰਾਨ ਜਾਖੜ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਵਲੋਂ ਸਪੀਕਰ ਲਈ ਵਰਤੀ ਗਈ ਸ਼ਬਦਾਵਲੀ ਦੀ ਨਿੰਦਾ ਕੀਤੀ। ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਫਿਕਸ ਮੈਚ ਖੇਡ ਰਹੇ ਹਨ ਅਤੇ ਬਿਕਰਮ ਮਜੀਠੀਆ ਵਲੋਂ ਜਿਹੜਾ ਮਾਮਲਾ ਕੇਜਰੀਵਾਲ ਖਿਲਾਫ ਦਰਜ ਕਰਵਾਇਆ ਗਿਆ, ਉਹ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਇਹ ਉਹੀ ਅਕਾਲੀ ਦਲ ਹੈ ਜਿਹੜਾ ਕਿਸੇ ਸਮੇਂ 'ਆਪ' ਨੂੰ ਖਾੜਕੂਆ ਦੀ ਪਾਰਟੀ ਦੱਸ ਰਿਹਾ ਸੀ ਅਤੇ ਅੱਜ ਉਨ੍ਹਾਂ ਨਾਲ ਮਿਲ ਕੇ ਫਿਕਸ ਮੈਚ ਖੇਡ ਰਿਹਾ ਹੈ।


Related News