ਆਂਧਰਾ ਪ੍ਰਦੇਸ਼ ''ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ

04/18/2024 1:01:23 PM

ਅਮਰਾਵਤੀ- ਚੋਣ ਕਮਿਸ਼ਨ ਨੇ ਵੀਰਵਾਰ ਨੂੰ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ, ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਆਂਧਰਾ ਪ੍ਰਦੇਸ਼ ਦੀਆਂ 25 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਵੀਕਾਰ ਕੀਤੇ ਜਾਣਗੇ। ਮੁੱਖ ਚੋਣ ਅਧਿਕਾਰੀ ਮੁਕੇਸ਼ ਕੁਮਾਰ ਮੀਨਾ ਅਨੁਸਾਰ 26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰ 29 ਅਪ੍ਰੈਲ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਸੂਬੇ 'ਚ 13 ਮਈ ਨੂੰ ਵੋਟਾਂ ਪੈਣਗੀਆਂ।

ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈ.ਐੱਸ.ਆਰ.ਸੀ.ਪੀ.) ਦੇ ਮੁਖੀ ਅਤੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ (ਪੁਲੀਵੇਂਦੁਲਾ), ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਸੁਪਰੀਮੋ ਐੱਨ ਚੰਦਰਬਾਬੂ ਨਾਇਡੂ (ਕੁੱਪਮ), ਉਨ੍ਹਾਂ ਦੇ ਪੁੱਤਰ ਨਾਰਾ ਲੋਕੇਸ਼ (ਮੰਗਲਗਿਰੀ) ਅਤੇ ਜਨਸੈਨਾ ਦੇ ਸੰਸਥਾਪਕ ਅਤੇ ਅਭਿਨੇਤਾ ਪਵਨ ਕਲਿਆਣ (ਪੀਠਾਪੁਰਮ) ਵਿਧਾਨ ਸਭਾ ਚੋਣਾਂ ਲੜਨ ਵਾਲੇ ਪ੍ਰਮੁੱਖ ਉਮੀਦਵਾਰ ਹੋਣਗੇ।

ਪ੍ਰਦੇਸ਼ ਭਾਜਪਾ ਮੁਖੀ ਡੀ. ਪੁਰੰਡੇਸ਼ਵਰੀ (ਰਾਜਮੁੰਦਰੀ), ਪ੍ਰਦੇਸ਼ ਕਾਂਗਰਸ (ਏ.ਪੀ.ਸੀ.ਸੀ.) ਦੇ ਪ੍ਰਧਾਨ ਅਤੇ ਜਗਨ ਦੀ ਭੈਣ ਵਾਈ.ਐੱਸ. ਸ਼ਰਮੀਲਾ (ਕੱਡਪਾ) ਲੋਕ ਸਭਾ ਚੋਣਾਂ ਲੜਨ ਵਾਲੇ ਮੁੱਖ ਉਮੀਦਵਾਰ ਹੋਣਗੇ।

ਵਾਈ.ਐੱਸ.ਆਰ.ਸੀ.ਪੀ. ਆਪਣੇ ਦਮ 'ਤੇ ਇਕੱਲੇ ਚੋਣ ਲੜ ਰਹੀ ਹੈ ਜਦਕਿ ਟੀਡੀਪੀ, ਜਨਸੇਨਾ ਅਤੇ ਭਾਜਪਾ ਐੱਨ.ਡੀ.ਏ. ਦਾ ਹਿੱਸਾ ਹਨ। ਕਾਂਗਰਸ ਨੇ ਕਿਹਾ ਕਿ ਉਹ ਆਪਣੇ ਵਿਰੋਧੀ 'ਇੰਡੀਆ' ਗਠਜੋੜ ਭਾਈਵਾਲਾਂ- ਸੀ.ਪੀ.ਆਈ. ਅਤੇ ਸੀ.ਪੀ.ਆਈ. (ਐੱਮ) ਦੇ ਨਾਲ ਰਾਜ ਵਿੱਚ ਚੋਣਾਂ ਲੜੇਗੀ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ 25,000 ਰੁਪਏ ਅਤੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ 10,000 ਰੁਪਏ ਜ਼ਮਾਨਤ ਵਜੋਂ ਜਮ੍ਹਾਂ ਕਰਵਾਉਣੇ ਪੈਣਗੇ, ਜੋ ਕਿ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਦੇ ਮਾਮਲੇ ਵਿੱਚ ਅੱਧੇ ਹਨ। ਮੀਨਾ ਨੇ ਦੱਸਿਆ ਕਿ ਨਾਮਜ਼ਦਗੀ ਭਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਰਿਕਾਰਡ ਕਰਨ ਲਈ ਚੋਣ ਕਮਿਸ਼ਨ ਨੇ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਦਫ਼ਤਰ ਤੋਂ ਲੈ ਕੇ ਉਥੋਂ ਤੱਕ ਦੇ ਸਮੁੱਚੇ ਰਸਤੇ 'ਤੇ ਸੀਸੀਟੀਵੀ ਕੈਮਰੇ ਲਗਾਏ ਹਨ।

ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਤਹਿਤ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਲਈ ਜਲੂਸ ਕੱਢ ਕੇ ਆਉਣ ਵਾਲੇ ਉਮੀਦਵਾਰਾਂ ਦੀ ਰਿਕਾਰਡਿੰਗ ਵੀ ਕੀਤੀ ਜਾਵੇਗੀ। ਇਸ ਸਮੇਂ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਈ.ਐੱਸ.ਆਰ.ਸੀ.ਪੀ. ਨੇ 22 ਸੀਟਾਂ ਜਿੱਤੀਆਂ ਜਦੋਂ ਕਿ ਟੀਡੀਪੀ ਨੇ ਤਿੰਨ ਸੀਟਾਂ ਜਿੱਤੀਆਂ। ਉਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵਾਈ.ਐੱਸ.ਆਰ. ਕਾਂਗਰਸ ਨੇ 151 ਸੀਟਾਂ ਜਿੱਤ ਕੇ ਜਿੱਤ ਦਰਜ ਕੀਤੀ ਸੀ, ਜਦੋਂ ਕਿ ਟੀਡੀਪੀ ਨੂੰ ਸਿਰਫ਼ 23 ਅਤੇ ਜਨਸੈਨਾ ਨੂੰ ਇੱਕ ਸੀਟ ਮਿਲੀ ਸੀ।


Rakesh

Content Editor

Related News