ਹਰਿਆਣਾ ਦੇ CM ਨਾਇਬ ਸੈਣੀ ਨੇ ਕਰਨਾਲ ਵਿਧਾਨ ਸਭਾ ਤੋਂ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

05/06/2024 4:40:29 PM

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਵਿਧਾਨ ਸਭਾ ਸੀਟ 'ਤੇ 25 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਅਸਤੀਫ਼ੇ ਤੋਂ ਬਾਅਦ ਇਸ ਸੀਟ ਤੋਂ ਜ਼ਿਮਨੀ ਚੋਣ ਕਰਨਾ ਜ਼ਰੂਰੀ ਹੋ ਗਈ ਹੈ। ਖੱਟੜ ਕਰਨਾਲ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ। ਪ੍ਰਕਿਰਿਆ ਦੇ ਆਖ਼ਰੀ ਦਿਨ ਕਰਨਾਲ 'ਚ ਚੋਣ ਅਧਿਕਾਰੀ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਸੈਣੀ ਅਤੇ ਖੱਟੜ ਨੇ ਇਕ ਖੁੱਲ੍ਹੇ ਵਾਹਨ 'ਚ ਸ਼ਹਿਰ 'ਚ ਰੋਡ ਸ਼ੋਅ ਕੱਢਿਆ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਅਤੇ ਕਰਨਾਲ ਵਿਧਾਨ ਸਭਾ ਸੀਟ ਲਈ ਵੋਟਿੰਗ 25 ਮਈ ਨੂੰ ਹੋਣੀ ਹੈ। ਸੈਣੀ ਨੇ ਰੋਡ ਸ਼ੋਅ ਦੌਰਾਨ ਕਿਹਾ,''ਜਨ ਸਮਰਥਨ ਮਿਲ ਰਿਹਾ ਹੈ। ਭਾਜਪਾ ਨੂੰ ਨਾ ਸਿਰਫ਼ ਕਰਨਾਲ 'ਚ, ਸਗੋਂ ਹਰ ਜਗ੍ਹਾ ਭਾਰੀ ਸਮਰਥਨ ਮਿਲ ਰਿਹਾ ਹੈ। ਮੈਂ ਕਹਿ ਸਕਦਾ ਹਾਂ ਕਿ ਹਰਿਆਣਾ 'ਚ 11 'ਕਮਲ' (ਭਾਜਪਾ ਦਾ ਚੋਣ ਚਿੰਨ੍ਹ) ਖਿੜਨਗੇ। ਅਸੀਂ ਵੱਡੇ ਜਨਾਦੇਸ਼ ਨਾਲ ਜਿੱਤਾਂਗੇ।''

PunjabKesari

ਸੈਣੀ ਨੇ ਕਿਹਾ,''ਜੇਕਰ ਅਸੀਂ 2014 ਦੇ ਕਰਨਾਲ ਦੀ ਤੁਲਨਾ ਅੱਜ ਦੇ ਕਰਨਾਲ ਨਾਲ ਕਰੀਏ ਤਾਂ ਸਾਨੂੰ ਵੱਡਾ ਅੰਤਰ ਨਜ਼ਰ ਆਏਗਾ। ਡਬਲ ਇੰਜਣ ਸਰਕਾਰ ਨੇ ਦੇਸ਼ ਅਤੇ ਪ੍ਰਦੇਸ਼ 'ਚ ਕਾਫ਼ੀ ਵਿਕਾਸ ਕੀਤਾ ਹੈ।'' ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮੁਕਾਬਲਾ ਕਾਂਗਰਸ ਦੇ ਤਰਲੋਚਨ ਸਿੰਘ ਨਾਲ ਹੈ। ਲੋਕ ਸਭਾ ਸੀਟ 'ਤੇ ਖੱਟੜ ਦਾ ਮੁਕਾਬਲਾ ਹਰਿਆਣਾ ਯੁਵਾ ਕਾਂਗਰਸ ਦੇ ਪ੍ਰਧਾਨ ਦਿਵਯਾਂਸ਼ਊ ਬੁੱਧੀਰਾਜਾ ਨਾਲ ਹੈ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਤਰਲੋਚਨ ਸਿੰਘ ਨੂੰ ਹਰਾ ਕੇ ਕਰਨਾਲ ਸੀਟ 'ਤੇ ਆਪਣੀ ਜਿੱਤ ਬਰਕਰਾਰ ਰੱਖੀ ਸੀ। ਰਾਜ ਭਾਜਪਾ ਮੁਖੀ ਅਤੇ ਮੌਜੂਦਾ ਲੋਕ ਸਭਾ 'ਚ ਕੁਰੂਕੁਸ਼ੇਤਰ ਸੀਟ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ 12 ਮਾਰਚ ਨੂੰ ਖੱਟੜ ਦੀ ਜਗ੍ਹਾ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ ਸੀ। ਖੱਟੜ ਨੇ 13 ਮਾਰਚ ਨੂੰ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਸੇ ਦਿਨ ਉਨ੍ਹਾਂ ਨੂੰ ਕਰਨਾਲ ਲੋਕ ਸਭਾ ਸੀਟ ਲਈ ਭਾਜਪਾ ਦਾ ਉਮੀਦਵਾਰ ਐਲਾਨ ਕੀਤਾ ਗਿਆ। ਹਰਿਆਣਾ 'ਚ 10 ਲੋਕ ਸਭਾ ਸੀਟਾਂ ਅਤੇ ਕਰਨਾਲ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ 29 ਅਪ੍ਰੈਲ ਨੂੰ ਸ਼ੁਰੂ ਹੋਈ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 6 ਮਈ ਹੈ। ਨਾਮਜ਼ਦਗੀ ਪੱਤਰ ਦੀ ਜਾਂਚ 7 ਮਈ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ 9 ਮਈ ਤੱਕ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News