ਪੀ. ਯੂ. ਖਰੀਦੇਗਾ ਸੀ. ਸੀ. ਟੀ. ਵੀ. ਕੈਮਰੇ, ਹਰ ਗਤੀਵਿਧੀ ''ਤੇ ਰਹੇਗੀ ਨਜ਼ਰ
Wednesday, Aug 09, 2017 - 05:09 PM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਵਿਚ ਸਟੂਡੈਂਟ ਕੌਂਸਲ ਚੋਣਾਂ ਸਬੰਧੀ ਤੇਜ਼ ਹੋਈਆਂ ਸਰਗਰਮੀਆਂ ਨੂੰ ਲੈ ਕੇ ਪੀ. ਯੂ. ਮੈਨੇਜਮੈਂਟ ਨੇ ਨਵੇਂ ਸੀ. ਸੀ. ਟੀ. ਵੀ. ਕੈਮਰੇ ਖਰੀਦਣ ਦਾ ਮਨ ਬਣਾਇਆ ਹੈ। ਇਨ੍ਹਾਂ ਕੈਮਰਿਆਂ ਰਾਹੀਂ ਕੈਂਪਸ ਵਿਚ ਹਰ ਕੋਨੇ ਵਿਚ ਹੋ ਰਹੀ ਗਤੀਵਿਧੀ 'ਤੇ ਨਜ਼ਰ ਰੱਖੀ ਜਾਵੇਗੀ, ਤਾਂ ਕਿ ਕਾਲਜ ਵਿਚ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਆਊਟਸਾਈਡਰ ਕੈਂਪਸ ਦੇ ਅੰਦਰ ਦਾਖਲ ਨਾ ਹੋਣ ਤੇ ਨਾਲ ਹੀ ਹਰਤਰ੍ਹਾਂ ਦੇ ਵਾਦ-ਵਿਵਾਦ 'ਤੇ ਵੀ ਨਜ਼ਰ ਰੱਖੀ ਜਾਵੇਗੀ।
ਜਾਣਕਾਰੀ ਮੁਤਾਬਿਕ ਪੀ. ਯੂ. ਮੈਨੇਜਮੈਂਟ ਕੈਂਪਸ ਲਈ 20 ਤੋਂ 30 ਕੈਮਰੇ ਖਰੀਦੇਗਾ। ਪੀ. ਯੂ. ਕੈਂਪਸ ਵਿਚ ਕਿਹੜੀ-ਕਿਹੜੀ ਥਾਂ 'ਤੇ ਕੈਮਰੇ ਇੰਸਟਾਲ ਹੋਣਗੇ, ਇਸ ਸਬੰਧੀ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਪੀ. ਯੂ. ਮੈਨੇਜਮੈਂਟ ਦਾ ਕਹਿਣਾ ਹੈ ਕਿ ਕੈਂਪਸ ਦੇ ਅਹਿਮ ਹਿੱਸਿਆਂ ਵਿਚ ਕੈਮਰੇ ਪਹਿਲਾਂ ਤੋਂ ਹੀ ਲੱਗੇ ਹੋਏ ਹਨ। ਕਈ ਹੋਸਟਲਾਂ ਦੇ ਬਾਹਰ ਪਾਰਕਿੰਗ ਵਿਚ ਕੈਮਰੇ ਨਹੀਂ ਲੱਗੇ ਹੋਏ ਹਨ। ਇਕ ਆਰ. ਟੀ. ਆਈ. ਤਹਿਤ ਪੀ. ਯੂ. ਮੈਨੇਜਮੈਂਟ ਨੇ ਸੈਸ਼ਨ 2013-15 ਤਕ ਸਿਰਫ ਇਕ ਹੀ ਕੈਮਰਾ ਖਰੀਦਿਆ ਹੈ।
ਹਰ ਸਾਲ ਹਾਇਰ ਹੁੰਦੇ ਸਨ 35 ਕੈਮਰੇ
ਪੀ. ਯੂ. ਸੈਸ਼ਨ 2015 ਤਕ ਸੀ. ਸੀ. ਟੀ. ਵੀ. ਕੈਮਰੇ ਹਾਇਰ ਕਰਦਾ ਸੀ। ਇਨ੍ਹਾਂ ਨੂੰ ਕਿਰਾਏ 'ਤੇ ਲੈਣ 'ਤੇ ਤਿੰਨ ਤੋਂ ਚਾਰ ਲੱਖ ਰੁਪਏ ਦਾ ਖਰਚ ਆਉਂਦਾ ਸੀ ਪਰ ਪਿਛਲੇ ਦੋ ਸਾਲਾਂ ਤੋਂ ਪੀ. ਯੂ. ਮੈਨੇਜਮੈਂਟ ਨੇ ਕੈਮਰੇ ਹਾਇਰ ਨਾ ਕਰਨ ਦਾ ਮਨ ਬਣਾਇਆ ਹੈ।
ਕੈਂਪਸ 'ਚ ਲੱਗੇ ਹਨ ਕੈਮਰੇ
ਪੀ. ਯੂ. ਦੇ ਤਿੰਨ ਗੇਟ, ਸਟੂਡੈਂਟ ਸੈਂਟਰ, ਲਾਇਬ੍ਰੇਰੀ, ਲਾਅ ਡਿਪਾਰਟਮੈਂਟ, ਸਾਰੇ ਹੋਸਟਲ ਤੇ ਯੂ. ਆਈ. ਈ. ਟੀ. ਦੀ ਕੰਟੀਨ ਵਿਚ ਕੈਮਰੇ ਲੱਗੇ ਹੋਏ ਹਨ।
ਕੈਮਰੇ 'ਚ ਨਹੀਂ ਆਉਂਦੀ ਤਸਵੀਰ ਸਾਫ
ਪੀ. ਯੂ. ਦੇ ਬਹੁਤ ਸਾਰੇ ਹਿੱਸਿਆਂ ਵਿਚ 8-10 ਸਾਲ ਪੁਰਾਣੇ ਕੈਮਰੇ ਲੱਗੇ ਹੋਏ ਹਨ। ਸਟੂਡੈਂਟ ਕੌਂਸਲ ਚੋਣਾਂ ਤੋਂ ਪਹਿਲਾਂ ਕੈਂਪਸ ਵਿਚ ਅਕਸਰ ਵਿਦਿਆਰਥੀ ਤੇ ਆਊਟਸਾਈਡਰਾਂ ਵਿਚ ਤਣਾਅ ਦੀ ਸਥਿਤੀ ਬਣ ਜਾਂਦੀ ਹੈ ਤੇ ਲੜਾਈ ਹੁੰਦੀ ਹੈ। ਕੈਂਪਸ ਵਿਚ ਪੁਰਾਣੇ ਕੈਮਰੇ ਹੋਣ ਕਾਰਨ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਸਾਫ ਨਹੀਂ ਹੁੰਦੀਆਂ।