ਬੋਰਡ ਪ੍ਰੀਖਿਆਵਾਂ ਵਿਚਾਲੇ ਅਧਿਆਪਕਾਂ ਲਈ ਨਵੀਂ ''ਸਿਰਦਰਦੀ'', 15 ਮਾਰਚ ਤਕ...

Monday, Mar 03, 2025 - 12:48 PM (IST)

ਬੋਰਡ ਪ੍ਰੀਖਿਆਵਾਂ ਵਿਚਾਲੇ ਅਧਿਆਪਕਾਂ ਲਈ ਨਵੀਂ ''ਸਿਰਦਰਦੀ'', 15 ਮਾਰਚ ਤਕ...

ਲੁਧਿਆਣਾ (ਵਿੱਕੀ): ਇਸ ਸਮੇਂ ਸੂਬੇ ਭਰ ਦੇ ਸਾਰੇ ਸਕੂਲਾਂ ’ਚ ਬੋਰਡ ਪ੍ਰੀਖਿਆਵਾਂ, ਘਰੇਲੂ ਪ੍ਰੀਖਿਆਵਾਂ ਅਤੇ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੌਰਾਨ ਐੱਸ. ਸੀ. ਈ. ਆਰ. ਟੀ. ਪੰਜਾਬ ਨੇ ਵੱਖ-ਵੱਖ ਪੱਧਰਾਂ ’ਤੇ ਅਧਿਆਪਕਾਂ ਲਈ ਓਰੀਐਂਟੇਸ਼ਨ ਸੈਮੀਨਾਰ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਬਹੁਤ ਸਾਰੇ ਅਧਿਆਪਕਾਂ ਦਾ ਮੰਨਣਾ ਹੈ ਕਿ ਵਿਭਾਗ ਅਤੇ ਐੱਸ. ਸੀ. ਈ. ਆਰ. ਟੀ. ਵਲੋਂ ਜਾਰੀ ਕੀਤੇ ਗਏ ਸੈਮੀਨਾਰਾਂ ਦੇ ਆਦੇਸ਼ ਸਕੂਲ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕਿਉਂਕਿ ਕਈ ਸਕੂਲਾਂ ’ਚ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਦੋਂ ਕਿ ਕਈ ਸਕੂਲਾਂ ’ਚ ਘਰੇਲੂ ਪ੍ਰੀਖਿਆਵਾਂ ਦੇ ਨਾਲ-ਨਾਲ ਕਈ ਅਧਿਆਪਕਾਂ ਦੀਆਂ ਡਿਊਟੀਆਂ ਵੀ ਪੇਪਰ ਚੈਕਿੰਗ ਲਈ ਆ ਰਹੀਆਂ ਹਨ। ਅਜਿਹੀ ਸਥਿਤੀ ’ਚ ਅਧਿਆਪਕ ਸੈਮੀਨਾਰ ਕਿਵੇਂ ਕਰ ਸਕਣਗੇ?

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਤੇ ਮਾਪਿਆਂ ਲਈ ਅਹਿਮ ਖ਼ਬਰ: ਅੱਜ ਹੀ ਕਰ ਲਓ ਇਹ ਕੰਮ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਜਾਣਕਾਰੀ ਅਨੁਸਾਰ ਐੱਸ. ਸੀ. ਈ. ਆਰ. ਟੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ‘ਮਿਸ਼ਨ ਸਮਰੱਥ 3.0’ ਤਹਿਤ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਅਧਿਆਪਕਾਂ ਲਈ ਬਲਾਕ ਅਤੇ ਜ਼ਿਲਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਕਰਵਾਏ ਜਾਣਗੇ। ਇਹ ਸੈਮੀਨਾਰ 4 ਤੋਂ 15 ਮਾਰਚ ਤੱਕ ਚੱਲਣਗੇ, ਜਿਸ ’ਚ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਬਲਾਕ ਰਿਸੋਰਸ ਪਰਸਨ (ਬੀ. ਆਰ. ਪੀ.) ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬਲਾਕ ਰਿਸੋਰਸ ਪਰਸਨਜ਼ ਲਈ 2 ਰੋਜ਼ਾ ਜ਼ਿਲਾ ਪੱਧਰੀ ਓਰੀਐਂਟੇਸ਼ਨ 4 ਅਤੇ 5 ਮਾਰਚ ਨੂੰ ਹੋਵੇਗੀ, ਜਦੋਂ ਕਿ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਅਧਿਆਪਕਾਂ ਲਈ ਇਕ ਰੋਜ਼ਾ ਬਲਾਕ ਪੱਧਰੀ ਓਰੀਐਂਟੇਸ਼ਨ 6 ਤੋਂ 15 ਮਾਰਚ ਦਰਮਿਆਨ ਹੋਵੇਗੀ।

ਇਨ੍ਹਾਂ ਸੈਮੀਨਾਰਾਂ ’ਚ ਪ੍ਰਾਇਮਰੀ ਪੱਧਰ ਦੇ 912 ਬਲਾਕ ਰਿਸੋਰਸ ਪਰਸਨ ਅਤੇ ਅੱਪਰ ਪ੍ਰਾਇਮਰੀ ਪੱਧਰ ਦੇ 684 ਬਲਾਕ ਰਿਸੋਰਸ ਪਰਸਨਾਂ ਅਤੇ ਤੀਜੀ ਤੋਂ 8ਵੀਂ ਜਮਾਤ ਤੱਕ ਦੇ ਅਧਿਆਪਕਾਂ ਨੂੰ ਵਿਸ਼ਾ-ਵਸਤੂ ਸਿਖਲਾਈ ਦਿੱਤੀ ਜਾਵੇਗੀ। ਵੱਖ-ਵੱਖ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਸੈਮੀਨਾਰ ਪ੍ਰੋਗਰਾਮ ਕਾਰਨ ਅਧਿਆਪਕਾਂ ਨੂੰ ਪ੍ਰੀਖਿਆਵਾਂ ਕਰਵਾਉਣ ਅਤੇ ਉੱਤਰ ਪੱਤਰੀਆਂ ਦਾ ਮੁਲਾਂਕਣ ਕਰਨ ’ਚ ਦਿੱਕਤ ਆ ਸਕਦੀ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ ਮੌਜੂਦਾ ਪ੍ਰੀਖਿਆ ਸਮੇਂ ਦੌਰਾਨ ਇਸ ਤਰ੍ਹਾਂ ਦੀ ਵਾਧੂ ਸਿਖਲਾਈ ਨਾਲ ਕੰਮ ਦਾ ਬੋਝ ਵਧੇਗਾ ਅਤੇ ਸਕੂਲਾਂ ਦੇ ਆਮ ਕੰਮ-ਕਾਜ ਨੂੰ ਪ੍ਰਭਾਵਿਤ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਫ਼ਿਰ ਪੈਣਗੇ ਗੜੇ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਅਧਿਆਪਕਾਂ ਅਨੁਸਾਰ ਜ਼ਿਆਦਾਤਰ ਸਕੂਲ ਸਟਾਫ਼ ਬੋਰਡ ਪ੍ਰੀਖਿਆਵਾਂ ਦੀ ਡਿਊਟੀ ਜਾਂ ਮਾਰਕਿੰਗ ’ਤੇ ਤਾਇਨਾਤ ਹੁੰਦਾ ਹੈ, ਅਜਿਹੇ ’ਚ ਸਕੂਲਾਂ ’ਚ ਰਹਿ ਗਏ ਅਧਿਆਪਕ ਦੂਜੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ, ਪੇਪਰਾਂ ਦੀ ਚੈਕਿੰਗ ਅਤੇ ਨਤੀਜੇ ਤਿਆਰ ਕਰਨ ’ਚ ਰੁੱਝੇ ਰਹਿੰਦੇ ਹਨ, ਇਸ ਦੌਰਾਨ ਇਨ੍ਹਾਂ ਸੈਮੀਨਾਰਾਂ ਦਾ ਆਯੋਜਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News