ਪ੍ਰਨੀਤ ਕੌਰ ਤੇ ਬਿਜਲੀ ਮੰਤਰੀ ਨੇ ਵੰਡੇ ਕਾਮਿਆਂ ਨੂੰ ਨਿਯੁਕਤੀ-ਪੱਤਰ

05/08/2018 12:38:56 PM

ਪਟਿਆਲਾ (ਪਰਮੀਤ, ਰਾਜੇਸ਼)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਥੇ ਇਕ ਪਾਸੇ ਸੂਬੇ ਵਿਚ 92 ਲੱਖ ਤੋਂ ਵੱਧ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੁਸ਼ਨਾ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਘਰ-ਘਰ ਵਿਚ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਮੁੱਖ ਰਖਦਿਆਂ ਪੀ. ਐੈੱਸ. ਪੀ. ਸੀ. ਐੈੱਲ. ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਵਿਚ ਵੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਇਹ ਵਿਚਾਰ ਪ੍ਰਨੀਤ ਕੌਰ ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਅੱਜ ਟੀ. ਟੀ. ਆਈ. ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ ਠੇਕੇਦਾਰਾਂ ਦੇ ਕਾਮਿਆਂ ਨੂੰ ਨਿਯੁਕਤੀ-ਪੱਤਰ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸ਼੍ਰ੍ਰੀਮਤੀ ਪ੍ਰਨੀਤ ਕੌਰ ਅਤੇ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੰਟਰੈਕਟ ਕਾਮਿਆਂ ਨੂੰ ਨਿਯੁਕਤੀ-ਪੱਤਰ ਵੰਡੇ ਗਏ। ਇਸ ਸਬੰਧੀ ਪਟਿਆਲਾ ਵਿਖੇ ਇਹ ਦੂਜਾ ਸਮਾਗਮ ਆਯੋਜਿਤ ਕੀਤਾ ਗਿਆ ਹੈ।
ਇਸ ਦੌਰਾਨ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੈੱਲ. ਵੱਲੋਂ ਭਰਤੀ ਕੀਤੇ ਜਾ ਰਹੇ 2800 ਸਹਾਇਕ ਲਾਈਨਮੈਨ, 300 ਜੇ. ਈ., 248 ਐੱਸ. ਐੱਸ. ਏ. ਅਤੇ 330 ਐੈੱਲ. ਡੀ. ਸੀ. ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ-ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਯੋਗ ਉਮੀਦਵਾਰਾਂ ਨੂੰ ਛੇਤੀ ਨਿਯੁਕਤੀ-ਪੱਤਰ ਜਾਰੀ ਕਰ ਦਿੱਤੇ ਜਾਣਗੇ। ਸ਼੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਦੀ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੀ ਪਾਲਿਸੀ ਅਧੀਨ ਪੀ. ਐੱਸ. ਪੀ. ਸੀ. ਐੈੱਲ. ਵੱਲੋਂ ਚਾਲੂ ਮਾਲੀ ਸਾਲ ਦੌਰਾਨ 50000 ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਲਈ ਪੀ. ਐੱਸ. ਪੀ. ਸੀ. ਐੈੱਲ. ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ। ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਜ਼ੋਨ ਪੱਧਰ 'ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਇਸ ਮੌਕੇ ਮਦਨ ਲਾਲ ਵਿਧਾਇਕ ਘਨੌਰ, ਡਾਇਰੈਕਟਰ/ਪ੍ਰਬੰਧਕੀ ਆਰ. ਪੀ. ਪਾਂਡਵ, ਇੰਜੀ. ਓ. ਪੀ. ਗਰਗ, ਡਾਇਰੈਕਟਰ/ਵਣਜ, ਡਾਇਰੈਕਟਰ/ਵਿੱਤ ਜਤਿੰਦਰ ਗੋਇਲ ਅਤੇ ਪੀ. ਐੱਸ. ਪੀ. ਸੀ. ਐੈੱਲ. ਤੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।


Related News