ਨਾ ਮੰਨਿਆ ਪਰਿਵਾਰ ਤਾਂ ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਕਰਵਾ ਲਿਆ ਵਿਆਹ, ਇੰਝ ਹੋਇਆ ਪਿਆਰ ਦਾ ਖੌਫ਼ਨਾਕ ਅੰਤ

Monday, Jul 08, 2024 - 04:34 AM (IST)

ਲੁਧਿਆਣਾ, (ਜ. ਬ.)- ਪਰਿਵਾਰ ਦੇ ਨਾ ਮੰਨਣ ’ਤੇ ਪ੍ਰੇਮੀ ਜੋੜਾ ਘਰੋਂ ਭੱਜ ਗਿਆ। ਭੱਜਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਸਿੱਧਵਾਂ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਕਿਲਾ ਰਾਏਪੁਰ ਦੇ ਹਰਸ਼ਜੋਤ ਸਿੰਘ ਅਤੇ ਰਾਜਜੋਤ ਕੌਰ ਵਜੋਂ ਹੋਈ ਹੈ।

ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਇਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ।

ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਰਾਜਜੋਤ ਕੌਰ ਇਕ ਨਿੱਜੀ ਕੰਪਨੀ ’ਚ ਕੰਮ ਕਰਦੀ ਸੀ। ਉਸ ਦੇ ਹਰਸ਼ਜੋਤ ਸਿੰਘ ਨਾਲ ਪ੍ਰੇਮ ਸਬੰਧ ਸਨ। ਦੋਵਾਂ ਦੇ ਪਰਿਵਾਰ ਵਿਆਹ ਨੂੰ ਨਹੀਂ ਮੰਨ ਰਹੇ ਸਨ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਪਰਿਵਾਰ ਦੇ ਅੱਗੇ ਕੋਈ ਵੀ ਕੁਝ ਨਹੀਂ ਬੋਲ ਰਿਹਾ ਸੀ। 30 ਜੂਨ ਨੂੰ ਦੋਵੇਂ ਘਰੋਂ ਭੱਜ ਗਏ ਸਨ।

ਪਰਿਵਾਰ ਵਾਲਿਆਂ ਨੇ ਲੱਭਿਆ ਤਾਂ ਪਤਾ ਲੱਗਾ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਿਥੇ ਚਲੇ ਗਏ। 4 ਦਿਨ ਬਾਅਦ ਦੋਵਾਂ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ਨੀਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਨਹਿਰ ’ਚ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈਆਂ। ਪੁਲਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਹੈ।


Rakesh

Content Editor

Related News