ਪੰਜਾਬ ਦੇ ਸਕੂਲਾਂ ਦਾ ਬਦਲੇਗਾ ਸਮਾਂ? ਕੜਾਕੇ ਦੀ ਠੰਡ ਦੇ ਮੱਦੇਨਜ਼ਰ ਅਧਿਆਪਕਾਂ ਨੇ ਚੁੱਕੀ ਮੰਗ
Thursday, Jan 15, 2026 - 11:51 AM (IST)
ਲੁਧਿਆਣਾ (ਵਿੱਕੀ)– ਪੰਜਾਬ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਕਹਿਰ ਨੇ ਜਨਜੀਵਨ ਨਾਲ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਦੀ ਰਫਤਾਰ ’ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਦੇ ਵਿਗੜਦੇ ਮਿਜਾਜ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਥੇ ਇਕ ਪਾਸੇ ਸੂਬਾ ਪੱਧਰੀ ਖੇਡ ਪ੍ਰਤੀਯੋਗਤਾਵਾਂ ਅਤੇ ਅਧਿਕਾਰੀਆਂ ਦੇ ਮਹੱਤਵਪੂਰਨ ਓਰੀਐਂਟੇਸ਼ਨ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ ਹੈ, ਉਥੇ ਦੂਜੇ ਪਾਸੇ ਅਧਿਆਪਕ ਸੰਠਗਨਾਂ ਨੇ ਸਵੇਰੇ ਦੀ ਜਾਨਲੇਵਾ ਧੁੰਦ ਤੋਂ ਬਚਾਅ ਲਈ ਸਕੂਲਾਂ ਸਮੇਂ ’ਚ ਤੁਰੰਤ ਬਦਲਾਅ ਦੀ ਆਵਾਜ਼ ਚੁੱਕੀ ਹੈ। ਪੰਜਾਬ ਦੇ ਕਈ ਹਿੱਸਿਆਂ ’ਚ ਵਿਜੀਬਿਲਟੀ ਜ਼ੀਰੋ ਹੋਣ ਕਾਰਨ ਸੜਕਾਂ ’ਤੇ ਵਧਦੇ ਖਤਰਿਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
ਪ੍ਰਚੰਡ ਠੰਢ ਦਾ ਸਿੱਧਾ ਅਸਰ ਖੇਡ ਦੇ ਮੈਦਾਨਾਂ ’ਤੇ ਵੀ ਦਿਖਾਈ ਦਿੱਤਾ ਹੈ। ਡਾਇਰੈਕਟਰ ਸਕੂਲ ਦਾ ਐਜੂੁਕੇਸ਼ਨ ਪੰਜਾਬ ਦੇ ਸਪੋਰਟਸ ਵਿਭਾਗ ਨੇ ਲੁਧਿਆਣਾ ਜ਼ਿਲੇ ’ਚ ਆਯੋਜਿਤ ਹੋਣ ਵਾਲੀ 69ਵੀਂ ਇੰਟਰ ਡਿਸਟ੍ਰਿਕਟ ਪ੍ਰਾਇਮਰੀ ਸਕੂਲ ਖੇਡਾਂ ਦੇ ਪ੍ਰੋਗਰਾਮ ’ਚ ਵੱਡਾ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਵਿਭਾਗ ਵਲੋਂ ਜਾਰੀ ਤਾਜ਼ਾ ਨਿਰਦੇਸ਼ਾਂ ਅਨੁਸਾਰ 16 ਤੋਂ 22 ਜਨਵਰੀ ਤੱਕ ਹੋਣ ਵਾਲੀਆਂ ਇਨ੍ਹਾਂ ਰਾਜ ਪੱਧਰੀ ਖੇਡ ਪ੍ਰਤੀਯੋਗਤਾਵਾਂ ਨੂੰ ਫਿਲਹਾਲ ਰੱਦ ਕਰ ਦਿੱਤਾ।
ਸਕੂਲ ਸਮਾਂ 10 ਤੋਂ 3 ਵਜੇ ਤੱਕ ਕਰਨ ਦੀ ਮੰਗ
ਮਾਸਟਰ ਕਾਡਰ ਯੂਨੀਅਨ ਨੇ ਸੂਬੇ ਵਿਚ ਵਧ ਰਹੀ ਸ਼ੀਤ ਲਹਿਰ ਅਤੇ ਜ਼ੀਰੋ ਵਿਜ਼ੀਬਿਲਟੀ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਤੋਂ ਸਕੂਲਾਂ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਅਤੇ ਜ਼ਿਲਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ ਨੇ ਕਿਹਾ ਕਿ ਧੁੰਦ ਦੇ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਮੌਜੂਦਗੀ ਵੀ ਲਗਾਤਾਰ ਡਿੱਗ ਰਹੀ ਹੈ।
ਯੂਨੀਅਨ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਛੁੱਟੀਆਂ ਵਿਚ ਵਾਧਾ ਨਾ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ, ਕਿਉਂਕਿ ਵਿਦਿਆਰਥੀਆਂ ਦੀ ਰਿਵੀਜ਼ਨ ਜ਼ਰੂਰੀ ਹੈ ਪਰ ਡਿੱਗਦੇ ਤਾਪਮਾਨ ਦੇ ਵਿਚਕਾਰ ਸਮਾਂ ਪਰਿਵਰਤਨ ’ਚ ਦੇਰੀ ਕਰਨਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਘੱਟ ਰਹੀ ਹਾਜ਼ਰੀ
ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਜਦ ਸਕੂਲ ਖੁੱਲ੍ਹੇ ਤਾਂ ਪਹਿਲੇ ਹੀ ਦਿਨ ਕੜਾਕੇ ਦੀ ਠੰਢ ਦਾ ਅਸਰ ਵਿਦਿਆਰਥੀਆਂ ਦੀ ਹਾਜ਼ਰੀ ’ਤੇ ਸਾਫ ਦੇਖਣ ਨੂੰ ਮਿਲਿਆ। ਸੰਘਣੀ ਧੁੰਦ ਅਤੇ ਠਾਰ ਕਾਰਨ ਜ਼ਿਆਦਾਤਰ ਸਕੂਲਾਂ ਵਿਚ ਵਿਦਿਆਰਥੀਆਂ ਦੀ ਮੌਜੂਦਗੀ ਬਹੁਤ ਘੱਟ ਦਰਜ ਕੀਤੀ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਨਿੱਜੀ ਸਕੂਲਾਂ ਨੇ ਆਪਣੇ ਪੱਧਰ ’ਤੇ ਹੀ ਸਕੂਲ ਦੇ ਸਮੇਂ ’ਚ ਬਦਲਾਅ ਕਰ ਦਿੱਤਾ ਹੈ, ਤਾਂ ਕਿ ਬੱਚਿਆਂ ਨੂੰ ਸਵੇਰ ਦੀ ਭਿਆਨਕ ਠੰਢ ਤੋਂ ਬਚਾਇਆ ਜਾ ਸਕੇ।
ਇਸ ਵਿਚਕਾਰ ਸੋਸ਼ਲ ਮੀਡੀਆ ’ਤੇ ਵੀ ਅਧਿਆਪਕਾਂ ਅਤੇ ਮਾਪਿਆਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵੇਦਾਨੰਤ ਪ੍ਰਕਾਸ਼ ਮਰਵਾਹਾ ਅਤੇ ਹਰਵਿੰਦਰ ਲਹਿਰਾ ਵਰਗੇ ਲੋਕਾਂ ਨੇ ਸੋਸ਼ਲ ਮੀਡੀਆ ਕੁਮੈਂਟਸ ਦੇ ਜ਼ਰੀਏ ਦੱਸਿਆ ਕਿ ਅੱਜ ਇਸ ਸਰਦੀ ਦਾ ਸਭ ਤੋਂ ਠੰਢੇ ਦਿਨ ਸੀ ਅਤੇ ਭਿਆਨਕ ਠੰਢ ਕਾਰਨ ਬੱਚਿਆਂ ਦਾ ਬੁਰਾ ਹਾਲ ਰਿਹਾ, ਇਥੋਂ ਤੱਕ ਕਿ ਠੰਢ ਦੀ ਵਜ੍ਹਾ ਨਾਲ ਹੱਥ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ। ਮਾਪਿਆਂ ਨੇ ਵੀ ਪੁਰਜ਼ੋਰ ਮੰਗ ਕੀਤੀ ਹੈ ਕਿ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਸਕੂਲ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 2 ਜਾਂ 3 ਵਜੇ ਤੱਕ ਹੋਣਾ ਚਾਹੀਦਾ।

ਪ੍ਰਸ਼ਾਸਨਿਕ ਕਾਰਨਾਂ ਨਾਲ ਮਿਸ਼ਨ ਸਮਰੱਥ ਦੀ ਓਰੀਐਂਟੇਸ਼ਨ ਵੀ ਮੁਲਤਵੀ
ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਵੀ ਆਪਣੇ ਪ੍ਰਸ਼ਾਸਨਿਕ ਪ੍ਰੋਗਰਾਮਾਂ ’ਤੇ ਰੋਕ ਲਗਾ ਦਿੱਤੀ ਹੈ। ਮਿਸ਼ਨ ਸਮਰਥ 4.0 ਤਹਿਤ 15 ਜਨਵਰੀ ਨੂੰ ਹੋਣ ਵਾਲੀ ਇਕ ਦਿਨਾਂ ਓਰੀਐਂਟੇਸ਼ਨ ਨੂੰ ਆਗਾਮੀ ਆਦੇਸ਼ਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਦਾ ਪੂਰਾ ਧਿਆਨ ਫਿਲਹਾਲ ਮੌਸਮ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਨਜਿੱਠਣ ’ਤੇ ਕੇਂਦਰਿਤ ਹੈ।
