ਪੁਲਸ ਦੀ ਲਾਪਰਵਾਹੀ ਨੇ ਉਜਾੜ''ਤੇ 2 ਪਰਿਵਾਰ! ਅੱਗਿਓਂ ਭੜਕੇ ਲੋਕਾਂ ਨੇ ਜੋ ਕੀਤਾ...
Monday, Dec 16, 2024 - 01:33 PM (IST)
ਮਾਛੀਵਾੜਾ ਸਾਹਿਬ (ਬਿਪਨ): ਸਰਹਿੰਦ ਨਹਿਰ ਨੇੜੇ ਪੁਲਸ ਪ੍ਰਸ਼ਾਸਨ ਦੀ ਲਾਪਰਵਾਹੀ 2 ਮੌਤਾਂ ਦਾ ਕਾਰਨ ਬਣ ਗਈ। ਦਰਅਸਲ, ਗੜ੍ਹੀ ਪੁਲ਼ ਨੇੜੇ ਇਕ ਖਰਾਬ ਟਰੱਕ ਨੂੰ ਰਾਹ ਵਿਚੋਂ ਹਟਾਇਆ ਨਹੀਂ ਗਿਆ, ਜਿਸ ਕਾਰਨ ਵੱਖ-ਵੱਖ ਹਾਦਸਿਆਂ ਵਿਚ 2 ਵਿਅਕਤੀਆਂ ਦੀ ਜਾਨ ਚਲੀ ਗਈ। ਪਹਿਲਾ ਹਾਦਸਾ ਕੱਲ੍ਹ ਦੇਰ ਸ਼ਾਮ ਨੂੰ ਵਾਪਰਿਆ ਸੀ ਤੇ ਦੂਜਾ ਹਾਦਸਾ ਅੱਜ ਵਾਪਰ ਗਿਆ ਹੈ। 24 ਘੰਟਿਆਂ ਵਿਚ 2 ਲੋਕਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਤੋਂ ਭੜਕੇ ਲੋਕਾਂ ਨੇ ਟਰੱਕ ਨੂੰ ਅੱਗ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ
ਜਾਣਕਾਰੀ ਮੁਤਾਬਕ ਕੱਲ੍ਹ ਦੇਰ ਸ਼ਾਮ ਸਰਹਿੰਦ ਨਹਿਰ ਕਿਨਾਰੇ ਗੜ੍ਹੀ ਪੁਲ਼ ਨੇੜੇ ਇਕ ਟਰੱਕ ਨੇ ਬਹਿਲੋਲਪੁਰ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਦੀ ਜਾਨ ਲੈ ਲਈ ਸੀ। ਅੱਜ 24 ਘੰਟੇ ਬਾਅਦ ਸੜਕ ’ਤੇ ਖੜ੍ਹੇ ਇਸੇ ਟਰੱਕ ਨਾਲ ਕੰਮ ਤੋਂ ਘਰ ਪਰਤ ਰਿਹਾ ਹਲਵਾਈ ਗੁਰਸ਼ਰਨ ਸਿੰਘ ਵਾਸੀ ਬਿੱਲੋਂ ਮੋਟਰਸਾਈਕਲ ਸਮੇਤ ਜਾ ਟਕਰਾਇਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿੱਲੋਂ ਪਿੰਡ ਦਾ ਵਾਸੀ ਗੁਰਸ਼ਰਨ ਸਿੰਘ ਹਲਵਾਈ ਦਾ ਕੰਮ ਕਰਦਾ ਸੀ ਅਤੇ ਉਹ ਸਮਰਾਲਾ ਤੋਂ ਇਕ ਵਿਆਹ ਸਮਾਗਮ ਤੋਂ ਕੰਮ ਕਰਕੇ ਆਪਣੇ ਮੋਟਰਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਉਹ ਸਰਹਿੰਦ ਨਹਿਰ ਦੇ ਗੜ੍ਹੀ ਪੁਲ਼ ਨੇੜੇ ਸੜਕ ’ਤੇ ਖੜ੍ਹੇ ਟਰੱਕ ਪਿੱਛੇ ਜਾ ਟਕਰਾਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ। 24 ਘੰਟਿਆਂ ਅੰਦਰ ਇਸ ਟਰੱਕ ਨੇ 2 ਵਿਅਕਤੀਆਂ ਦੀ ਜਾਨ ਲੈ ਲਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਾਂ ਤਾਂ ਇਸ ਟਰੱਕ ਨੂੰ ਸੜਕ ਤੋਂ ਹਟਾਉਣਾ ਚਾਹੀਦਾ ਸੀ ਜਾਂ ਇਸ ਦੇ ਆਲੇ ਦੁਆਲੇ ਬੈਰੀਕੇਡ ਲਗਾਉਣੇ ਚਾਹੀਦੇ ਸਨ। ਦੂਸਰੇ ਪਾਸੇ ਪੁਲਸ ਵੱਲੋਂ ਪਹਿਲੇ ਹੋਏ ਹਾਦਸੇ ਤੋਂ ਬਾਅਦ ਟਰੱਕ ਮਾਲਕਾਂ ਨੂੰ ਬੁਲਾਇਆ ਹੋਇਆ ਸੀ ਕਿ ਉਹ ਆ ਕੇ ਆਪਣੇ ਇਸ ਵਾਹਨ ਨੂੰ ਥਾਣੇ ਲੈ ਕੇ ਆਉਣ ਕਿਉਂਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਲੋਕਾਂ ਨੇ ਦੱਸਿਆ ਕਿ ਇਹ ਟਰੱਕ ਕੱਲ੍ਹ ਸਵੇਰ ਤੋਂ ਸੜਕ ਕਿਨਾਰੇ ਖ਼ਰਾਬ ਖੜਾ ਹੈ ਜਿਸ ਕਾਰਨ ਹਾਦਸੇ ਵਾਪਰਨ ਕਾਰਨ 2 ਵਿਅਕਤੀਆਂ ਦੀ ਜਾਨ ਚਲੀ ਗਈ। ਮ੍ਰਿਤਕ ਗੁਰਸ਼ਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹਾਦਸੇ ਵਾਲੀ ਥਾਂ ’ਤੇ ਰੋਸ ਪ੍ਰਦਰਸ਼ਨ ਕਰ ਸੜਕ ਜਾਮ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਿਸ ਦੀ ਵੀ ਲਾਪ੍ਰਵਾਹੀ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਘਟਨਾ ਸਥਾਨ ’ਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਪੁੱਜੇ ਜਿਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟਰੱਕ ਚਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਟਰੱਕ ਨੂੰ ਲਗਾ ਦਿੱਤੀ ਅੱਗ
ਹਾਦਸੇ ਤੋਂ ਬਾਅਦ ਜਦੋਂ ਮ੍ਰਿਤਕ ਗੁਰਸ਼ਰਨ ਸਿੰਘ ਦੀ ਲਾਸ਼ ਨੂੰ ਐਂਬੂਲੈਸ ’ਚ ਰੱਖਿਆ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਟਰੱਕ ਦੇ ਕੈਬਿਨ ਨੂੰ ਅੱਗ ਲਗਾ ਦਿੱਤੀ। ਮੌਕੇ ’ਤੇ ਪੁਲਸ ਕਰਮਚਾਰੀਆਂ ਤੇ ਲੋਕਾਂ ਨੇ ਸਰਹਿੰਦ ਨਹਿਰ ’ਚੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਪੁਲਸ ਤੇ ਲੋਕ ਅੱਗ ਨੂੰ ਨਾ ਬੁਝਾਉਂਦੇ ਤਾਂ ਟਰੱਕ ਸੜ ਕੇ ਸੁਆਹ ਹੋ ਜਾਣਾ ਸੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਅੱਗ ’ਤੇ ਕਾਬੂ ਪਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8