ਪੰਜਾਬ ਪੁਲਸ ਹੱਥ ਵੱਡੀ ਕਾਮਯਾਬੀ, ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ, ਸੁਲਤਾਨ ਮਸੀਹ ਤੇ ਅਮਿਤ ਸ਼ਰਮਾ ਦੇ ਕਾਤਲ ਗ੍ਰਿਫਤਾਰ

11/08/2017 11:10:16 AM

ਚੰਡੀਗੜ੍ਹ, 7 ਨਵੰਬਰ (ਪਰਾਸ਼ਰ)-ਪੰਜਾਬ ਵਿਚ ਪਿਛਲੇ ਸਾਲ ਜਨਵਰੀ ਤੋਂ ਸ਼ੁਰੂ ਹੋਏ ਹਿੰਦੂ ਨੇਤਾਵਾਂ ਦੀ ਹੱਤਿਆਵਾਂ ਦੇ ਸਿਲਸਿਲੇ ਵਿਚ ਅੱਜ ਪੰਜਾਬ ਪੁਲਸ ਨੇ ਵੱਡੇ ਬ੍ਰੇਕ-ਥਰੂ ਦਾ ਐਲਾਨ ਕੀਤਾ ਹੈ। ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦਾ ਐਲਾਨ ਅੱਜ ਸ਼ਾਮ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਹੱਤਿਆਵਾਂ ਪਾਕਿਸਤਾਨ ਦੀ  ਆਈ. ਐਸ. ਆਈ. ਵਲੋਂ ਕਰਵਾਈਆਂ ਗਈਆਂ ਸਨ, ਜਿਸ ਦਾ ਉਦੇਸ਼ ਪੰਜਾਬ ਵਿਚ ਭਾਈਚਾਰਕ ਸਦਭਾਵਨਾ ਨੂੰ ਭੰਗ ਕਰਕੇ ਗੜਬੜੀ ਫੈਲਾਉਣਾ ਸੀ ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਤੇਜ਼ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਦੇ ਤਹਿਤ ਆਈ. ਐਸ. ਆਈ. ਨੇ ਵੱਖ-ਵੱਖ ਦੇਸ਼ਾਂ ਵਿਚ ਬੈਠੇ ਆਪਣੇ ਗੁਰਗਿਆਂ ਰਾਹੀਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ।  ਇਸ ਦੇ ਨਾਲ ਹੀ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਅਮਿਤ ਅਰੋੜਾ, ਦੁਰਗਾ ਦਾਸ ਗੁਪਤਾ, ਅਮਿਤ ਸ਼ਰਮਾ ਸਮੇਤ 8 ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਹੱਲ ਕਰ ਲਏ ਗਏ ਹਨ। 

ਯੂ. ਕੇ. ਤੋਂ ਆਏ ਜਿੰਮੀ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੋਈ ਗ੍ਰਿਫਤਾਰੀ
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਇਸ ਲਈ ਇਨ੍ਹਾਂ ਸਾਰਿਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਤਿਆਵਾਂ ਦੇ ਕੇਸ ਵਿਚ ਬ੍ਰੇਕ ਥਰੂ ਉਸ ਸਮੇਂ ਮਿਲਿਆ, ਜਦ ਪੁਲਸ ਨੇ ਯੂ. ਕੇ. ਤੋਂ ਆਉਣ ਵਾਲੇ ਇਕ ਵਿਅਕਤੀ ਜਿੰਮੀ ਸਿੰਘ ਨੂੰ ਪਿਛਲੇ ਹਫ਼ਤੇ ਪਾਲਮ ਏਅਰਪਰਟ 'ਤੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।

ਸਾਰੀਆਂ ਹੱਤਿਆਵਾਂ ਇਕ ਹੀ ਢੰਗ ਨਾਲ ਕੀਤੀਆਂ ਗਈਆਂ ਸਨ
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਟਾਰਗੇਟ ਹੱਤਿਆਵਾਂ ਦਾ ਸਿਲਸਿਲਾ ਜਨਵਰੀ, 2016 ਵਿਚ ਸ਼ੁਰੂ ਹੋਇਆ। ਇਨ੍ਹਾਂ ਸਾਰੀਆਂ ਹੱਤਿਆਵਾਂ ਨੂੰ ਇਕ ਹੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਪਰ ਹੱਤਿਆਰੇ ਆਪਣਾ ਕੋਈ ਵੀ ਫੁਟਪਿੰ੍ਰਟ ਨਹੀਂ ਛੱਡ ਰਹੇ ਸਨ, ਜਿਸ ਨਾਲ ਇਨ੍ਹਾਂ ਕੇਸਾਂ ਦੀ ਤਹਿਕੀਕਾਤ ਵਿਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਹੱਤਿਆਵਾਂ ਵਿਚ 9 ਐਮ. ਐਮ., ਪੁੰਆਇੰਟ 32 ਤੇ ਪੁੰਆਇੰਟ 30 ਐਮ. ਐਮ. ਦੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਦੀ ਫਾਰੈਂਸਿਕ ਜਾਂਚ ਕਰਵਾਈ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਹੱਤਿਆਵਾਂ ਇਕ ਹੀ ਗੈਂਗ ਵਲੋਂ ਕਰਵਾਈਆਂ ਜਾ ਰਹੀਆਂ ਸਨ।

ਜਿੰਮੀ ਦਾ ਸਾਥੀ ਵੀ ਗ੍ਰਿਫਤਾਰ
ਇਨ੍ਹਾਂ ਹੱਤਿਆਵਾਂ ਵਿਚ ਪਹਿਲਾ ਬ੍ਰੇਕ ਥਰੂ 4 ਨਵੰਬਰ ਨੂੰ ਜਿੰਮੀ ਸਿੰਘ ਦੀ ਹਵਾਈ ਅੱਡੇ 'ਤੇ ਹੋਈ ਗ੍ਰਿਫ਼ਤਾਰੀ ਨਾਲ ਮਿਲਿਆ। ਉਹ ਯੂ. ਕੇ. ਦਾ ਰਹਿਣ ਵਾਲਾ ਹੈ। ਬਾਅਦ ਵਿਚ ਇਕ ਹੋਰ ਵਿਅਕਤੀ ਜਗਤਾਰ ਸਿੰਘ ਜੌਹਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਵੀ ਯੂ. ਕੇ. ਵਿਚ ਰਹਿੰਦਾ ਸੀ ਤੇ ਇਥੇ ਆਉਂਦਾ-ਜਾਂਦਾ ਰਹਿੰਦਾ ਸੀ। ਪਾਕਿਸਤਾਨ ਵਿਚ ਆਈ. ਐਸ. ਆਈ. ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਧਰਮਿੰਦਰ ਗੁਗਨੀ ਸਮੇਤ ਕੁੱਝ ਸਥਾਨਕ ਗੈਂਗਸਟਰਾਂ ਦਾ ਵੀ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਰੈਡੀਕਲਾਈਜ਼ ਕਰ ਕੇ ਉਨ੍ਹਾਂ ਨੂੰ ਹੱਤਿਆਵਾਂ ਲਈ ਉਕਸਾਇਆ। ਅਰੋੜਾ ਨੇ ਜਨਤਾ ਦਾ ਗੰਭੀਰ ਚੁਣੌਤੀਆਂ ਦੇ ਬਾਵਜੂਦ ਸ਼ਾਂਤੀ ਤੇ ਭਾਈਚਾਰਕ ਏਕਤਾ ਬਣਾਏ ਰੱਖਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਣਗੇ ਕਿ ਪੰਜਾਬ ਸਥਾਨਕ ਪੁਲਸ ਦੇ ਹੱਥਾਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਬ੍ਰਿਗੇਡੀਅਰ ਗਗਨੇਜਾ ਦੀ ਹੱਤਿਆ ਦਾ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਗਿਆ ਸੀ। ਪੰਜਾਬ ਪੁਲਸ ਨੇ ਹੁਣ ਆਪਣੀ ਜਾਂਚ ਰਿਪੋਰਟ ਸੀ. ਬੀ. ਆਈ. ਨਾਲ ਸ਼ੇਅਰ  ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 7 ਮਹੀਨੇ ਦੇ ਕਾਰਜਕਾਲ ਵਿਚ ਹੁਣ ਤੱਕ 8 ਅੱਤਵਾਦੀ ਮਾਡਿਊਲ ਭੰਗ ਕੀਤੇ ਜਾ ਚੁੱਕੇ ਹਨ। ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਦੀ ਅਗਵਾਈ ਵਿਚ ਬਣੀ ਇਕ ਪੁਲਸ ਜਾਂਚ ਕਮੇਟੀ ਨੇ ਇਸ ਨੂੰ ਹੱਲ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਬਿਹਤਰੀਨ ਕੰਮ ਕਰਨ ਵਾਲਿਆਂ ਨੂੰ ਪੁਰਸਕਾਰ ਦੇਣ ਦਾ ਸਿਸਟਮ ਬਣਾਉਣ ਲਈ ਵੀ ਕਿਹਾ ਹੈ।
ਪੰਜਾਬ 'ਚ 2 ਸਾਲਾਂ 8 'ਚ ਕਤਲ
3 ਅਪ੍ਰੈਲ 2016 ਨੂੰ ਭੈਣੀ ਸਾਹਿਬ 'ਚ ਮਾਤਾ ਚੰਦ ਕੌਰ ਦਾ ਕਤਲ, 23 ਅਪ੍ਰੈਲ 2016 ਨੂੰ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦੀ ਹੱਤਿਆ, 6 ਅਗਸਤ 2016 ਨੂੰ ਜਲੰਧਰ 'ਚ ਆਰ. ਐੱਸ. ਐੱਸ. ਪ੍ਰਮੁੱਖ ਜਗਦੀਸ਼ ਗਗਨੇਜਾ ਦੀ ਹੱਤਿਆ, 14 ਜਨਵਰੀ 2017 ਨੂੰ ਲੁਧਿਆਣਾ ਦੁਰਗਾ ਮਾਤਾ ਮੰਦਰ ਦੇ ਕੋਲ ਹਿੰਦੂ ਨੇਤਾ ਅਮਿਤ ਸ਼ਰਮਾ ਦੀ ਹੱਤਿਆ, 25 ਫਰਵਰੀ 2017 ਨੂੰ ਪਿੰਡ ਜਗੇੜਾ ਦੇ ਨਾਮ ਚਰਚਾ ਘਰ ਵਿਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਅਤੇ ਉਸ ਦੇ ਬੇਟੇ ਦੀ ਹੱਤਿਆ, 16 ਜੂਨ 2017 ਨੂੰ ਲੁਧਿਆਣਾ ਦੇ ਪੀਰੂ ਬੰਦਾ 'ਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ, 17 ਅਕਤੂਬਰ 2017 ਨੂੰ ਆਰ. ਐੱਸ. ਐੱਸ. ਸ਼ਾਖਾ ਪ੍ਰਮੁੱਖ ਰਵਿੰਦਰ ਗੋਸਾਈਂ ਦੀ ਘਰ ਦੇ ਬਾਹਰ ਹੱਤਿਆ, 30 ਅਕਤੂਬਰ 2017 ਨੂੰ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਭਾਰਤ ਨਗਰ, ਅੰਮ੍ਰਿਤਸਰ 'ਚ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।  


Related News