ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ! 3 ਸ਼ਹਿਰਾਂ ''ਚ ਸ਼ੁਰੂ ਹੋਇਆ ITMS, ਹੁਣ ਨਿਯਮ ਤੋੜਣ ''ਤੇ...
Wednesday, May 06, 2026 - 12:25 PM (IST)
ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਪੁਲਸ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿਚ ਚੁੱਕੇ ਗਏ ਅਹਿਮ ਕਦਮਾਂ ਤਹਿਤ ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਸੂਬੇ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐੱਮ. ਐੱਸ.) ਸਥਾਪਿਤ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਗੌਰਵ ਯਾਦਵ ਨੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਦੇ ਉਦਘਾਟਨ ਮੌਕੇ ਕੀਤਾ।
ਡੀ. ਜੀ. ਪੀ. ਨੇ ਦੱਸਿਆ ਕਿ ਆਈ. ਸੀ. ਸੀ. ਸੀ. ਪ੍ਰਾਜੈਕਟ ਤਹਿਤ ਸ਼ਹਿਰ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ 259 ਸਥਾਨਾਂ ’ਤੇ 1,700 ਹਾਈ-ਰੈਜ਼ੋਲਿਊਸ਼ਨ ਕੈਮਰੇ ਲਾਏ ਗਏ ਹਨ। ਪੂਰੇ ਸ਼ਹਿਰ ’ਚ 46 ਸਥਾਨਾਂ ’ਤੇ ਸਥਾਪਿਤ ਕੀਤਾ ਗਿਆ ਇਹ ਆਈ. ਟੀ. ਐੱਮ. ਐੱਸ. 9 ਤਰ੍ਹਾਂ ਦੀਆਂ ਟ੍ਰੈਫਿਕ ਉਲੰਘਣਾਵਾਂ ਦਾ ਪਤਾ ਲਾ ਸਕਦਾ ਹੈ, ਜਿਸ ਵਿਚ ਰੈੱਡ ਲਾਈਟ ਜੰਪ ਕਰਨਾ, ਸਟਾਪ ਲਾਈਨ ਦੀ ਉਲੰਘਣਾ, ਬਿਨਾਂ ਹੈਲਮੇਟ ਵਾਹਨ ਚਲਾਉਣਾ, ਪਿੱਛੇ ਬੈਠਣ ਵਾਲੇ ਯਾਤਰੀ ਵੱਲੋਂ ਹੈਲਮੇਟ ਨਾ ਪਹਿਨਣਾ, ਤਿੰਨ ਸਵਾਰੀਆਂ ਬਿਠਾਉਣਾ, ਓਵਰਸਪੀਡਿੰਗ, ਜ਼ੈਬਰਾ ਕਰਾਸਿੰਗ ਦੀ ਉਲੰਘਣਾ, ਗਲਤ ਦਿਸ਼ਾ ਵਿਚ ਵਾਹਨ ਚਲਾਉਣਾ ਅਤੇ ਗਲਤ ਪਾਰਕਿੰਗ ਸ਼ਾਮਲ ਹਨ।
ਡੀ. ਜੀ. ਪੀ. ਨੇ ਕਿਹਾ ਕਿ ਨਵੇਂ ਆਈ. ਸੀ. ਸੀ. ਸੀ. ਵਿਚ ਇੱਕੋ ਛੱਤ ਹੇਠ ਕਈ ਯੂਨਿਟਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਟ੍ਰੈਫਿਕ, ਪੁਲਸ ਕੰਟਰੋਲ ਰੂਮ (ਪੀ. ਸੀ. ਆਰ.), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟ ਸ਼ਾਮਲ ਹਨ। ਇਸ ਨਾਲ ਪੁਲਸ ਕਾਰਜਪ੍ਰਣਾਲੀ ਵਿਚ ਬਿਹਤਰ ਤਾਲਮੇਲ ਯਕੀਨੀ ਹੋਵੇਗਾ ਅਤੇ ਪੀ. ਸੀ. ਆਰ. ਰਿਸਪਾਂਸ ਟਾਈਮ 15 ਮਿੰਟ ਤੋਂ ਘਟਾ ਕੇ ਮਹਿਜ਼ 7-8 ਮਿੰਟ ਕਰ ਦਿੱਤਾ ਗਿਆ ਹੈ।
