ਪੰਜਾਬ ’ਚ ਨਸ਼ੇ ਦੇ ਖ਼ਾਤਮੇ ਲਈ ਬਣਾਵਾਂਗੇ ਕਮਿਸ਼ਨ: ਬੀਬਾ ਬਾਦਲ

Tuesday, Oct 13, 2026 - 05:15 PM (IST)

ਪੰਜਾਬ ’ਚ ਨਸ਼ੇ ਦੇ ਖ਼ਾਤਮੇ ਲਈ ਬਣਾਵਾਂਗੇ ਕਮਿਸ਼ਨ: ਬੀਬਾ ਬਾਦਲ

ਲੁਧਿਆਣਾ (ਮੁੱਲਾਂਪੁਰੀ\ਡਾ.ਪ੍ਰਦੀਪ): ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਵਿਚ ਨਸ਼ੇ ਦੇ ਛੇਵੇਂ ਦਰਿਆ ਨੇ ਸਾਰੀਆਂ ਹੱਦਾਂ-ਬੰਨੇ ਪਾਰ ਕਰਕੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਅਤੇ ਆਏ ਦਿਨ ਕਤਲ ਹੋ ਰਹੇ ਹਨ, ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਅੱਜ ਨਸ਼ਾ ਘਰ-ਘਰ ਪਹੁੰਚ ਗਿਆ ਹੈ।

ਬੀਬਾ ਬਾਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਨਸ਼ੇ ਨੂੰ ਰੋਕਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦਾ ਕਤਲ ਦਿਨ-ਦਿਹਾੜੇ ਹੋਣਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਜਾਂ ਕੋਈ ਐਸੀ ਸਥਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਅਮਨ, ਸ਼ਾਂਤੀ, ਖੁਸ਼ਹਾਲੀ ਅਤੇ ਚੰਗਾ ਰਾਜ-ਪ੍ਰਬੰਧ ਮਿਲ ਸਕੇ।

ਜਦੋਂ ਬੀਬਾ ਬਾਦਲ ਨੂੰ ਪੰਜਾਬ ਵਿਚ ਪੁਲਸ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਦੇ ਕਤਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਵਾਲੀ ਅਤੇ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ ਕਿ ਜੇਕਰ ਪੁਲਸ ਦੀ ਖਾਕੀ ਵਰਦੀ ਹੀ ਸੁਰੱਖਿਅਤ ਨਹੀਂ ਤਾਂ ਹੋਰ ਕੀ ਹੋਵੇਗਾ। 1 ਕਰੋੜ ਰੁਪਏ ਮੁਆਵਜ਼ੇ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ 1 ਕਰੋੜ ਰੁਪਈਆ ਕਿਸੇ ਦੀ ਜਾਨ ਦੀ ਕੀਮਤ ਨਹੀਂ। ਜਿਸ ਮਾਂ ਦਾ ਪੁੱਤ ਚਲਾ ਗਿਆ, ਜਿਸ ਦਾ ਸੁਹਾਗ ਉੱਜੜ ਗਿਆ, ਉਨ੍ਹਾਂ ਬੱਚਿਆਂ ਨੂੰ ਪੁੱਛੋ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ।

ਇਸ ਲਈ ਹੁਣ ਉਨ੍ਹਾਂ ਲੋਕਾਂ ਨੂੰ ਇਹ ਵੀ ਯਕੀਨ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਵਿਚ ਨਸ਼ਾ ਖ਼ਿਲਾਫ਼ ਕਮਿਸ਼ਨ ਅਤੇ ਨਸ਼ੇ ਦੇ ਸੌਦਾਗਰਾਂ ਤੇ ਦੋਸ਼ੀਆਂ ਨੂੰ 10 ਸਾਲ ਸਲਾਖਾਂ ਪਿੱਛੇ ਸੁੱਟੇਗੀ ਅਤੇ ਪੰਜਾਬ ਵਿਚ ਇਕ ਐਸਾ ਰਾਜ ਪ੍ਰਬੰਧ ਦੇਵੇਗੀ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਮੌਕੇ ਪੰਜਾਬੀਆਂ ਨੂੰ ਮਿਲਦਾ ਰਿਹਾ ਹੈ। ਅੱਜ ਦੇ ਇਸ ਸਮਾਗਮ ਅਤੇ ਪ੍ਰੈੱਸ ਕਾਨਫਰੰਸ ਵਿੱਚ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਪ੍ਰੇਮ ਸਿੰਘ ਹਰਨਾਮਪੁਰਾ, ਪ੍ਰਭਜੋਤ ਸਿੰਘ ਧਾਲੀਵਾਲ, ਬੀਬੀ ਕਿਰਨਦੀਪ ਕੌਰ ਕਾਦੀਆਂ (ਜ਼ਿਲ੍ਹਾ ਪ੍ਰਧਾਨ) ਤੋਂ ਇਲਾਵਾ ਚੰਦ ਸਿੰਘ ਡੱਲਾ (ਜ਼ਿਲ੍ਹਾ ਪ੍ਰਧਾਨ) ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ।


author

Anmol Tagra

Content Editor

Related News