ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਦੇ 18 ਜ਼ਿਲ੍ਹਿਆਂ ’ਚ ਫਲਾਇੰਗ ਸਕੁਐਡ ਤਾਇਨਾਤ, ਹੁਣ ਹੋਵੇਗੀ ਸਖ਼ਤ ਕਾਰਵਾਈ
Sunday, Oct 11, 2026 - 05:48 PM (IST)
ਅੰਮ੍ਰਿਤਸਰ(ਨੀਰਜ)- ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ. ਏ. ਕਿਊ. ਐੱਮ. ) ਦੀ ਉੱਚ ਪੱਧਰੀ ਟੀਮ ਨੇ ਕਮਿਸ਼ਨ ਦੇ ਮੈਂਬਰ (ਤਕਨੀਕੀ) ਡਾ. ਐੱਸ. ਡੀ. ਅੱਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦਾ ਦੌਰਾ ਕੀਤਾ। ਟੀਮ ਵੱਲੋਂ 9 ਅਤੇ 10 ਅਕਤੂਬਰ ਨੂੰ ਦੋਵਾਂ ਜ਼ਿਲਿਆਂ ਦੇ ਪਰਾਲੀ ਸਾੜਨ ਦੀਆਂ ਵਧੇਰੇ ਘਟਨਾਵਾਂ ਵਾਲੇ ਹੌਟਸਪੌਟ ਪਿੰਡਾਂ ਅਤੇ ਸਬੰਧਤ ਸਹੂਲਤਾਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲਿਆ ਗਿਆ। ਇਸ ਦੌਰੇ ਦੌਰਾਨ ਟੀਮ ਨੇ ਪਰਾਲੀ ਪ੍ਰਬੰਧਨ ਲਈ ਜ਼ਿਲਾ ਪ੍ਰਸ਼ਾਸਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਉਪਲਬਧਤਾ, ਤਾਇਨਾਤੀ, ਖੇਤਾਂ ਵਿਚ ਪਰਾਲੀ ਦੇ ਪ੍ਰਬੰਧਨ (ਇਨ-ਸੀਟੂ) ਅਤੇ ਖੇਤਾਂ ਤੋਂ ਬਾਹਰ ਇਸ ਦੀ ਵਰਤੋਂ (ਐਕਸ-ਸੀਟੂ) ਸਮੇਤ ਵੱਖ-ਵੱਖ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ
18 ਜ਼ਿਲ੍ਹਿਆਂ ਵਿਚ ਫਲਾਇੰਗ ਸਕੁਐਡ ਤਾਇਨਾਤ
ਸੀ. ਏ. ਕਿਊ. ਐੱਮ. ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਜ਼ਿਲਿਆਂ ਵਿਚ ਸੰਗਰੂਰ, ਤਰਨਤਾਰਨ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਮੋਗਾ, ਮਾਨਸਾ, ਫ਼ਾਜ਼ਿਲਕਾ, ਪਟਿਆਲਾ, ਲੁਧਿਆਣਾ, ਕਪੂਰਥਲਾ, ਫ਼ਰੀਦਕੋਟ, ਬਰਨਾਲਾ, ਮਾਲੇਰਕੋਟਲਾ, ਗੁਰਦਾਸਪੁਰ, ਜਲੰਧਰ ਅਤੇ ਫ਼ਤਹਿਗੜ੍ਹ ਸਾਹਿਬ ਸ਼ਾਮਲ ਹਨ। ਇਹ ਫਲਾਇੰਗ ਸਕੁਐਡ 1 ਅਕਤੂਬਰ ਤੋਂ 30 ਨਵੰਬਰ 2026 ਤੱਕ ਤਾਇਨਾਤੀ ਅਧੀਨ ਰਹਿਣਗੇ।
ਇਹ ਵੀ ਪੜ੍ਹੋ-ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨਿਕ ਤਿਆਰੀਆਂ ਅਤੇ ਬੇਲਰਾਂ ’ਤੇ ਜ਼ੋਰ
ਅੰਮ੍ਰਿਤਸਰ ਵਿਖੇ ਦੋਵਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਜ਼ਿਲਾ ਪੱਧਰੀ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਵਿਚ ਸੀ. ਏ. ਕਿਊ. ਐੱਮ. ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਸੀ. ਆਰ. ਐੱਮ. ਮਸ਼ੀਨਰੀ ਮੁਹੱਈਆ ਕਰਵਾਉਣ, ਜਾਗਰੂਕਤਾ ਮੁਹਿੰਮਾਂ ਚਲਾਉਣ, ਆਈ. ਈ. ਸੀ. ਸਰਗਰਮੀਆਂ ਤੇਜ਼ ਕਰਨ ਅਤੇ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਦੇਣ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ-ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ ਇਹ ਨਿਸ਼ਾਨ ਤਾਂ ਹੋ ਜਾਓ ਸਾਵਧਾਨ
ਅੰਮ੍ਰਿਤਸਰ ਜ਼ਿਲੇ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਨਾਲ ਲੱਗਦੇ ਜ਼ਿਲਿਆਂ ਦੀਆਂ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਇਕੱਠੀ ਕਰ ਕੇ ਇਸ ਦੇ ਪ੍ਰਬੰਧਨ ਲਈ ਕੰਮ ਕੀਤਾ ਜਾ ਰਿਹਾ ਹੈ। ਪਰਾਲੀ ਦੀਆਂ ਗੰਢਾਂ ਦੀ ਵਰਤੋਂ ਕਰਨ ਵਾਲੇ ਬਾਇਲਰਾਂ ਵਾਲੇ ਉਦਯੋਗਾਂ ਨਾਲ ਸਪਲਾਈ ਚੇਨ ਵੀ ਸਥਾਪਤ ਕੀਤੀ ਗਈ ਹੈ। ਇਸ ਤਹਿਤ ਕਿਸਾਨਾਂ ਅਤੇ ਪਰਾਲੀ ਇਕੱਠੀ ਕਰਨ ਵਾਲੇ ਐਗਰੀਗੇਟਰਾਂ ਨੂੰ ਉਦਯੋਗਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਪਰਾਲੀ ਨੂੰ ਖੇਤਾਂ ਤੋਂ ਬਾਹਰ ਲਿਜਾ ਕੇ ਵਰਤੋਂ ਵਿਚ ਲਿਆਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਕੰਟਰੋਲ ਰੂਮ ਅਤੇ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ, ਜਿਸ ਰਾਹੀਂ ਸੀ. ਆਰ.ਐੱਮ. ਮਸ਼ੀਨਰੀ ਦੀ ਲੋੜ ਵਾਲੇ ਕਿਸਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮਸ਼ੀਨਰੀ ਉਪਲਬਧ ਕਰਵਾਉਣ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਗ ਲੱਗਣ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੂਚਨਾ ਦੇਣ ਲਈ ਜ਼ਿਲਾ ਪੱਧਰੀ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ, ਤਾਂ ਜੋ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ
ਤਰਨਤਾਰਨ ਜ਼ਿਲੇ ਵਿਚ ਵੀ ਝੋਨੇ ਦੀ ਵਾਢੀ ਅਤੇ ਖ਼ਰੀਦ ਦੀ ਸਥਿਤੀ ਦੇ ਨਾਲ ਸੀ. ਆਰ. ਐੱਮ. ਮਸ਼ੀਨਰੀ ਦੀ ਉਪਲਬਧਤਾ ਅਤੇ ਤਾਇਨਾਤੀ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਰਨ ਤਾਰਨ ਅਤੇ ਨਾਲ ਲੱਗਦੇ ਜ਼ਿਲਿਆਂ ਦੀਆਂ ਬੇਲਰ ਮਸ਼ੀਨਾਂ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਵਰਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਲਈ ਸੀ. ਆਰ. ਐੱਮ. ਮਸ਼ੀਨਰੀ ਦੀ ਉਪਲਬਧਤਾ ਸਬੰਧੀ ਨਿਰਧਾਰਤ ਟੀਚਿਆਂ ਨੂੰ ਕਾਫ਼ੀ ਹੱਦ ਤੱਕ ਹਾਸਲ ਕਰ ਲਿਆ ਗਿਆ ਹੈ। ਨੋਡਲ ਅਤੇ ਕਲੱਸਟਰ ਅਧਿਕਾਰੀਆਂ ਸਮੇਤ ਫੀਲਡ ਸਟਾਫ ਵੱਲੋਂ ਲਗਾਤਾਰ ਗਸ਼ਤ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਇਨ-ਸੀਟੂ ਤੇ ਐਕਸ-ਸੀਟੂ ਪ੍ਰਬੰਧਨ ਅਪਣਾਉਣ ਲਈ ਜਾਗਰੂਕ ਕਰਨ ਵਾਸਤੇ ਆਈ.ਈ.ਸੀ. ਸਰਗਰਮੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਕਮਿਸ਼ਨ ਨੇ ਜ਼ਿਲਾ, ਨੋਡਲ ਅਤੇ ਕਲੱਸਟਰ ਅਧਿਕਾਰੀਆਂ ਨੂੰ ਹੌਟਸਪੌਟ ਖੇਤਰਾਂ ਵਿਚ ਲਗਾਤਾਰ ਅਤੇ ਪ੍ਰਭਾਵਸ਼ਾਲੀ ਫੀਲਡ ਨਿਗਰਾਨੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਘੱਟ ਲਾਗਤ ਵਾਲੇ ਸੈਂਸਰਾਂ ਅਤੇ ਹੋਰ ਨਿਗਰਾਨੀ ਪ੍ਰਣਾਲੀਆਂ ਦੀ ਵਰਤੋਂ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਢਿੱਲ ਦੇ ਕਾਰਵਾਈ ਕਰਨ ਲਈ ਵੀ ਕਿਹਾ ਗਿਆ।
ਸਮੀਖਿਆ ਮੀਟਿੰਗ ਵਿਚ ਉੱਚ ਪ੍ਰਸ਼ਾਸਨਿਕ ਅਧਿਕਾਰੀ ਰਹੇ ਹਾਜ਼ਰ
ਸੀ. ਏ. ਕਿਊ. ਐੱਮ. ਨੇ ਕਿਸਾਨਾਂ, ਪਰਾਲੀ ਇਕੱਠੀ ਕਰਨ ਵਾਲੇ ਐਗਰੀਗੇਟਰਾਂ, ਉਦਯੋਗਾਂ ਅਤੇ ਹੋਰ ਸਬੰਧਤ ਧਿਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਬਣਾਉਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਪਰਾਲੀ ਦੇ ਐਕਸ-ਸੀਟੂ ਪ੍ਰਬੰਧਨ ਲਈ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕਮਿਸ਼ਨ ਨੇ ਕਿਹਾ ਕਿ ਸੀ. ਆਰ. ਐੱਮ. ਮਸ਼ੀਨਰੀ, ਬੇਲਰਾਂ, ਫੀਲਡ ਸਟਾਫ, ਕੰਟਰੋਲ ਰੂਮਾਂ ਅਤੇ ਨਿਗਰਾਨੀ ਪ੍ਰਣਾਲੀਆਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਈ ਜਾਵੇ। ਅਧਿਕਾਰੀਆਂ ਨੇ ਸੀਏਕਿਊਐੱਮ ਦੇ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਨ, ਰੋਕਥਾਮੀ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ-ਆਪਣੇ ਜ਼ਿਲਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਪੂਰੀ ਵਚਨਬੱਧਤਾ ਪ੍ਰਗਟਾਈ। ਸੀ. ਏ. ਕਿਊ. ਐੱਮ. ਵੱਲੋਂ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲਾ ਪ੍ਰਸ਼ਾਸਨਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਲਗਾਤਾਰ ਨਿਗਰਾਨੀ ਅਤੇ ਸਮੀਖਿਆ ਕੀਤੀ ਜਾ ਰਹੀ ਹੈ।
ਇਸ ਮੌਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ, ਆਈ. ਏ. ਐੱਸ., ਅੰਮ੍ਰਿਤਸਰ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਮਿਸ਼ਰਾ, ਆਈ. ਏ. ਐੱਸ., ਤਰਨਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਦਿੱਤਿਆ ਸ਼ਰਮਾ, ਆਈ. ਏ. ਐੱਸ., ਦੋਵਾਂ ਜ਼ਿਲਿਆਂ ਦੇ ਐੱਸ. ਡੀ. ਐੱਮਜ਼, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਚਾਹਲ, ਐੱਸ. ਡੀ. ਓਜ਼ ਸੁਖਮਨੀ ਸਿੰਘ ਖਹਿਰਾ ਅਤੇ ਲਖਵਿੰਦਰ ਕੁਮਾਰ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
