ਵੱਡੀ ਖ਼ਬਰ: ਪੰਜਾਬ ਪੁਲਸ ਦੇ DIG ਦਫ਼ਤਰ ਮੂਹਰੇ ਫ਼ਾਇਰਿੰਗ! ਗੱਡੀ ਦੇ ਸ਼ੀਸ਼ੇ ਵੀ ਭੰਨ੍ਹੇ

Thursday, Oct 08, 2026 - 08:21 PM (IST)

ਵੱਡੀ ਖ਼ਬਰ: ਪੰਜਾਬ ਪੁਲਸ ਦੇ DIG ਦਫ਼ਤਰ ਮੂਹਰੇ ਫ਼ਾਇਰਿੰਗ! ਗੱਡੀ ਦੇ ਸ਼ੀਸ਼ੇ ਵੀ ਭੰਨ੍ਹੇ

ਲੁਧਿਆਣਾ (ਰਾਜ): ਲੁਧਿਆਣਾ ਦੇ ਡੀ.ਆਈ.ਜੀ. ਦਫ਼ਤਰ ਦੇ ਬਿਲਕੁਲ ਸਾਹਮਣੇ ਬੇਖ਼ੌਫ਼ ਨੌਜਵਾਨਾਂ ਨੇ ਦਿਨ-ਦਿਹਾੜੇ ਗੁੰਡਾਗਰਦੀ ਕਰਦਿਆਂ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਪੀੜਤ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਸ 'ਤੇ ਡਾਂਗਾਂ ਨਾਲ ਵਾਰ ਕੀਤਾ, ਸਗੋਂ ਇਲਾਕੇ ਵਿਚ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਪੂਰੀ ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿਚ ਹਮਲਾਵਰ ਅਤੇ ਉਨ੍ਹਾਂ ਦੀ ਕਾਰ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਸੰਨੀ ਨੇ ਦੱਸਿਆ ਕਿ ਉਹ ਆਪਣੇ ਇਕ ਸਾਥੀ ਨਾਲ ਨਿੱਜੀ ਕੰਮ ਦੇ ਸਿਲਸਿਲੇ ਵਿਚ ਡੀ.ਆਈ.ਜੀ. ਦਫ਼ਤਰ ਪਹੁੰਚਿਆ ਸੀ। ਉਸ ਨੇ ਆਪਣੀ ਗੱਡੀ ਦਫ਼ਤਰ ਦੇ ਬਾਹਰ ਸੁਰੱਖਿਅਤ ਖੜ੍ਹੀ ਕੀਤੀ ਅਤੇ ਅੰਦਰੋਂ ਹਿਸਾਬ-ਕਿਤਾਬ ਨਾਲ ਜੁੜੀਆਂ ਕੁਝ ਜ਼ਰੂਰੀ ਪਰਚੀਆਂ ਲੈਣ ਚਲਾ ਗਿਆ। ਜਿਵੇਂ ਹੀ ਉਹ ਪਰਚੀਆਂ ਲੈ ਕੇ ਮੁੱਖ ਗੇਟ ਤੋਂ ਬਾਹਰ ਨਿਕਲਿਆ, ਉੱਥੇ ਪਹਿਲਾਂ ਤੋਂ ਹੀ ਖੜ੍ਹੇ 3 ਸਿੱਖ ਨੌਜਵਾਨਾਂ ਅਤੇ 1 ਮੋਨੇ ਨੌਜਵਾਨ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਮੁਲਜ਼ਮਾਂ ਨੇ ਉਸ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ। ਦੋਸ਼ੀਆਂ ਦਾ ਕਹਿਣਾ ਸੀ ਕਿ ਉਸ ਨੇ ਉਨ੍ਹਾਂ ਦੇ ਮਿਸਤਰੀਆਂ ਨੂੰ ਕੰਮ ਤੋਂ ਕਿਉਂ ਹਟਾਇਆ। ਗੱਲਬਾਤ ਦੌਰਾਨ ਤੈਸ਼ ਵਿਚ ਆ ਕੇ ਮੁਲਜ਼ਮਾਂ ਨੇ ਸੰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪਰਮਜੀਤ ਸਿੰਘ ਅਤੇ ਉਸ ਦੇ ਨਾਲ ਮੌਜੂਦ ਦੋ ਅਣਪਛਾਤੇ ਵਿਅਕਤੀਆਂ ਨੇ ਗਾਲੀ-ਗਲੋਚ ਕਰਦਿਆਂ ਡਾਂਗਾਂ ਨਾਲ ਪੀੜਤ 'ਤੇ ਸਿੱਧਾ ਹਮਲਾ ਬੋਲ ਦਿੱਤਾ। ਹਮਲੇ ਦੌਰਾਨ ਦੋਸ਼ੀਆਂ ਨੇ ਪੀੜਤ ਦੀ ਕਾਰ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਸ਼ਰੇਆਮ ਹਥਿਆਰ ਕੱਢ ਕੇ ਹਵਾ ਵਿਚ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉੱਥੇ ਮੌਜੂਦ ਰਾਹਗੀਰਾਂ ਅਤੇ ਦਫ਼ਤਰ ਦੇ ਬਾਹਰ ਹਫੜਾ-ਦਫੜੀ ਮੱਚ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਆਪਣੀ ਗੱਡੀ ਵਿਚ ਬੈਠ ਕੇ ਤੇਜ਼ੀ ਨਾਲ ਫ਼ਰਾਰ ਹੋ ਗਏ।

ਵਾਰਦਾਤ ਤੋਂ ਤੁਰੰਤ ਬਾਅਦ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਵਿਚ ਪੂਰੀ ਘਟਨਾ ਕੈਦ ਮਿਲੀ ਹੈ। ਵੀਡੀਓ ਫੁਟੇਜ ਵਿਚ ਹਮਲਾਵਰਾਂ ਦੀ ਚਿੱਟੇ ਰੰਗ ਦੀ ਸਵਿਫ਼ਟ ਕਾਰ ਸਾਫ਼ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਤਿੰਨ ਮੁੱਖ ਦੋਸ਼ੀਆਂ ਦੇ ਚਿਹਰੇ ਵੀ ਫੁਟੇਜ ਵਿਚ ਸਪੱਸ਼ਟ ਤੌਰ 'ਤੇ ਪਛਾਣੇ ਜਾ ਰਹੇ ਹਨ। ਸ਼ਿਕਾਇਤਕਰਤਾ ਨੇ ਪੁਲਸ ਅੱਗੇ ਸ਼ੱਕ ਪ੍ਰਗਟਾਇਆ ਹੈ ਕਿ ਇਸ ਯੋਜਨਾਬੱਧ ਹਮਲੇ ਪਿੱਛੇ ਰਣਧੀਰ ਸਿੰਘ (ਵਾਸੀ ਪਿੰਡ ਘਿਣੀਵਾਲਾ, ਫ਼ਿਰੋਜ਼ਪੁਰ) ਦਾ ਹੱਥ ਹੋ ਸਕਦਾ ਹੈ ਅਤੇ ਉਸੇ ਨੇ ਰੰਜਿਸ਼ ਦੇ ਚੱਲਦਿਆਂ ਇਹ ਭਾੜੇ ਦੇ ਹਮਲਾਵਰਾਂ ਨੂੰ ਉਸ 'ਤੇ ਜਾਨਲੇਵਾ ਹਮਲਾ ਕਰਨ ਲਈ ਲੁਧਿਆਣਾ ਭੇਜਿਆ ਸੀ। ਚੌਂਕੀ ਕੈਲਾਸ਼ ਪੁਲਸ ਨੇ ਪੀੜਤ ਦੀ ਲਿਖਤੀ ਸ਼ਿਕਾਇਤ ਪ੍ਰਾਪਤ ਕਰਕੇ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News