ਚੰਡੀਗੜ੍ਹ ਰੋਡ ’ਤੇ ਖੜ੍ਹੇ ਕੈਂਟਰ ਨਾਲ ਟਕਰਾਇਆ ਦੂਜਾ ਕੈਂਟਰ, ਦੋਵੇਂ ਵਾਹਨ ਨੁਕਸਾਨੇ
Monday, Oct 19, 2026 - 05:26 PM (IST)
ਕੁਹਾੜਾ-ਸਾਹਨੇਵਾਲ (ਬਲਜੀਤ) : ਚੰਡੀਗੜ੍ਹ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨ ਰਾਹਗੀਰਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਭੈਣੀ ਸਾਹਿਬ ਨੇੜੇ ਉਸ ਸਮੇਂ ਸਾਹਮਣੇ ਆਈ, ਜਦੋਂ ਅੱਜ ਤੜਕੇ ਕਰੀਬ 2 ਤੋਂ 3 ਵਜੇ ਦਰਮਿਆਨ ਇਕ ਚੱਲਦਾ ਕੈਂਟਰ ਸੜਕ ਕਿਨਾਰੇ ਖੜ੍ਹੇ ਦੂਜੇ ਕੈਂਟਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਖੜ੍ਹਾ ਕੈਂਟਰ ਵੀ ਅੱਗੇ ਵੱਲ ਧੱਕਿਆ ਗਿਆ। ਹਾਦਸੇ ਵਿਚ ਦੋਵੇਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੇ ਚੰਡੀਗੜ੍ਹ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨਾਂ ਦੀ ਸਮੱਸਿਆ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਡੇਹਲੋਂ ਤੋਂ ਸਕਰੈਪ ਲੈ ਕੇ ਊਨਾ ਵੱਲ ਜਾ ਰਹੇ ਕੈਂਟਰ ਚਾਲਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਜਦੋਂ ਉਹ ਭੈਣੀ ਸਾਹਿਬ ਨੇੜੇ ਪਹੁੰਚਿਆ ਤਾਂ ਉਸ ਦੇ ਅੱਗੇ ਇਕ ਕਾਰ ਜਾ ਰਹੀ ਸੀ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੇ ਕੈਂਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਕਿਨਾਰੇ ਖੜ੍ਹੇ ਦੂਜੇ ਕੈਂਟਰ ਨਾਲ ਟਕਰਾ ਗਿਆ।
ਉਸ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਵਾਹਨ ਵਿੱਚ ਇਕੱਲਾ ਸੀ ਅਤੇ ਉਸ ਦਾ ਬਚਾਅ ਹੋ ਗਿਆ, ਜਦਕਿ ਕੈਂਟਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਦੂਜੇ ਕੈਂਟਰ ਦੇ ਚਾਲਕ ਵੀਰ ਸਿੰਘ ਨੇ ਦੱਸਿਆ ਕਿ ਉਹ ਲਹਿਰਾ ਤੋਂ ਨਾਲਾਗੜ੍ਹ ਵੱਲ ਜਾ ਰਿਹਾ ਸੀ। ਭੈਣੀ ਸਾਹਿਬ ਨੇੜੇ ਚੰਡੀਗੜ੍ਹ ਰੋਡ ’ਤੇ ਸਥਿਤ ਇਕ ਢਾਬੇ ’ਤੇ ਖਾਣਾ ਖਾਣ ਲਈ ਉਸ ਨੇ ਆਪਣਾ ਕੈਂਟਰ ਸੜਕ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਪਿੱਛੋਂ ਆ ਰਹੇ ਕੈਂਟਰ ਨੇ ਉਸ ਦੇ ਵਾਹਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਕੈਂਟਰ ਨੁਕਸਾਨੇ ਗਏ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਇਸ ਸਬੰਧੀ ਥਾਣਾ ਕੂੰਮ ਕਲਾਂ ਅਧੀਨ ਪੈਂਦੀ ਪੁਲਿਸ ਚੌਕੀ ਕਟਾਣੀ ਕਲਾਂ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਾਦਸਾ ਰਾਤ ਸਮੇਂ ਵਾਪਰਿਆ ਸੀ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਦੋਵੇਂ ਵਾਹਨਾਂ ਦਾ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਰੋਡ ’ਤੇ ਭਾਰੀ ਵਾਹਨਾਂ ਦੀ ਪਾਰਕਿੰਗ ਬਣੀ ਸਿਰਦਰਦੀ
ਚੰਡੀਗੜ੍ਹ ਰੋਡ ’ਤੇ ਰਾਤ ਸਮੇਂ ਵੱਡੀ ਗਿਣਤੀ ਵਿੱਚ ਕੈਂਟਰ ਅਤੇ ਹੋਰ ਭਾਰੀ ਵਾਹਨ ਸੜਕ ਕਿਨਾਰੇ ਖੜ੍ਹੇ ਰਹਿੰਦੇ ਹਨ। ਇਹ ਵਾਹਨ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ, ਸਗੋਂ ਹੋਰ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੀ ਵਧਾਉਂਦੇ ਹਨ। ਖ਼ਾਸ ਕਰਕੇ ਰਾਤ ਸਮੇਂ ਘੱਟ ਦਿੱਖ ਕਾਰਨ ਸੜਕ ਕਿਨਾਰੇ ਖੜ੍ਹੇ ਵਾਹਨ ਦੂਰੋਂ ਸਪੱਸ਼ਟ ਨਜ਼ਰ ਨਾ ਆਉਣ ’ਤੇ ਟੱਕਰ ਦਾ ਕਾਰਨ ਬਣ ਸਕਦੇ ਹਨ। ਇਲਾਕੇ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਇਸ ਸਮੱਸਿਆ ਕਾਰਨ ਅਕਸਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨਾਂ ਦੀ ਪਾਰਕਿੰਗ ਨੂੰ ਨਿਯਮਾਂ ਅਨੁਸਾਰ ਬਣਾਈ ਰੱਖਣ ਲਈ ਸਬੰਧਤ ਵਿਭਾਗ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ। ਲੋੜ ਹੈ ਕਿ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਵਾਹਨਾਂ ਦੀ ਜਾਂਚ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਵੱਡੇ ਹਾਦਸੇ ਦੀ ਉਡੀਕ ਕਿਉਂ? ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ
ਭੈਣੀ ਸਾਹਿਬ ਨੇੜੇ ਵਾਪਰਿਆ ਇਹ ਹਾਦਸਾ ਚੰਡੀਗੜ੍ਹ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨਾਂ ਕਾਰਨ ਪੈਦਾ ਹੋ ਰਹੇ ਖ਼ਤਰੇ ਵੱਲ ਧਿਆਨ ਦਿਵਾਉਂਦਾ ਹੈ। ਇਸ ਵਾਰ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਅਜਿਹੀਆਂ ਘਟਨਾਵਾਂ ਨੂੰ ਅਣਗੌਲਿਆ ਕਰਨਾ ਭਵਿੱਖ ਵਿੱਚ ਗੰਭੀਰ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲਿਸ ਅਤੇ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਚੰਡੀਗੜ੍ਹ ਰੋਡ ’ਤੇ ਭਾਰੀ ਵਾਹਨਾਂ ਦੀ ਪਾਰਕਿੰਗ ਦੀ ਸਥਿਤੀ ਦੀ ਜਾਂਚ ਕੀਤੀ ਜਾਵੇ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
