ਆਪ੍ਰੇਸ਼ਨ ਸੀਲ-7 ਤਹਿਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਵਧਾਈ ਸੁਰੱਖਿਆ

Sunday, Aug 04, 2024 - 10:37 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) - ਸੁਤੰਤਰਤਾ ਦਿਵਸ 2024 ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਸੂਬੇ ਭਰ ’ਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇਕ ਵਿਸ਼ੇਸ਼ ‘ਆਪ੍ਰੇਸ਼ਨ ਸੀਲ-7’ ਚਲਾਇਆ ਗਿਆ, ਜਿਸ ਦਾ ਮਕਸਦ ਸਰਹੱਦੀ ਸੂਬੇ ਪੰਜਾਬ ਦੀ ਹਦੂਦ ’ਚ ਦਾਖ਼ਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਨਾ ਹੈ। ਇਹ ਆਪ੍ਰੇਸ਼ਨ ਪੁਲਸ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤਕ ਚਲਾਇਆ ਗਿਆ, ਜਿਸ ਦਾ ਮਕਸਦ ਨਸ਼ਾ ਸਮੱਗਲਰਾਂ/ਸ਼ਰਾਬ ਸਮੱਗਲਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ ’ਤੇ ਬਾਜ਼ ਅੱਖ ਰੱਖਣਾ ਸੀ ।

ਵਿਸ਼ੇਸ਼ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਰਹੱਦੀ ਜ਼ਿਲਿਆਂ ਦੇ ਸਾਰੇ ਐੱਸ.ਐੱਸ.ਪੀਜ਼. ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਰਹੱਦੀ ਜ਼ਿਲਿਆਂ ਦੀਆਂ ਰਣਨੀਤਕ ਥਾਵਾਂ ’ਤੇ ਸਾਂਝੇ ਨਾਕੇ ਲਾ ਕੇ ਮੁਹਿੰਮ ਨੂੰ ਸਫਲ ਬਣਾਉਣ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਗਜ਼ਟਿਡ ਅਧਿਕਾਰੀਆਂ/ਐੱਸ.ਐੱਚ.ਓਜ਼. ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਪੁਲਸ ਕਰਮੀਆਂ ਦੀ ਵੱਧ ਤੋਂ ਵੱਧ ਨਫ਼ਰੀ ਜੁਟਾ ਕੇ ਮਜ਼ਬੂਤ ’ਨਾਕੇ’ ਲਗਾਏ ਜਾਣ।

ਉਨ੍ਹਾਂ ਕਿਹਾ ਕਿ 10 ਜ਼ਿਲਿਆਂ ਦੇ ਲਗਭਗ 91 ਐਂਟਰੀ/ਐਗਜ਼ਿਟ ਪੁਆਇੰਟਾਂ, ਜੋ ਕਿ ਚਾਰ ਸਰਹੱਦੀ ਸੂਬਿਆਂ ਅਤੇ ਯੂ. ਟੀ. ਚੰਡੀਗੜ੍ਹ ਨਾਲ ਲੱਗਦੇ ਹਨ, ਤੇ ਇੰਸਪੈਕਟਰਾਂ/ਡੀ. ਐੱਸ. ਪੀਜ਼ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਸ ਕਰਮੀਆਂ ਦੀ ਨਫ਼ਰੀ ਨਾਲ ਲੈਸ ਮਜ਼ਬੂਤ ਨਾਕੇ ਲਾਏ ਗਏ ਸਨ। 10 ਅੰਤਰਰਾਜੀ ਸਰਹੱਦੀ ਜ਼ਿਲਿਆਂ ’ਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐੱਸ. ਏ. ਐੱਸ. ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾਵਾਂ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਜਾਂਚ ਕਰਨ ਤੋਂ ਇਲਾਵਾ, ਪੁਲਸ ਟੀਮਾਂ ਨੇ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ ।

ਵਿਸ਼ੇਸ਼ ਡੀ.ਜੀ.ਪੀ. ਨੇ ਦੱਸਿਆ ਕਿ ਸੂਬੇ ’ਚ ਦਾਖ਼ਲ ਹੋਣ/ਬਾਹਰ ਜਾਣ ਵਾਲੇ 3668 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ’ਚੋਂ 139 ਦੇ ਚਲਾਨ ਕੀਤੇ ਗਏ ਅਤੇ 12 ਨੂੰ ਜ਼ਬਤ ਕੀਤਾ ਗਿਆ। ਪੁਲਸ ਨੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 14 ਐੱਫ.ਆਈ.ਆਰ. ਦਰਜ ਕੀਤੀਆਂ। ਇਸ ਦੌਰਾਨ ਪੁਲਸ ਟੀਮਾਂ ਨੇ 431 ਸ਼ੱਕੀ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ’ਚ ਵੀ ਲਿਆ। ਚੈਕਿੰਗ ਦੌਰਾਨ ਪਟਿਆਲਾ ਪੁਲਸ ਨੇ ਵੱਡੀ ਸਫ਼ਲਤਾ ਦਰਜ ਕਰਦਿਆਂ ਹਥਿਆਰਾਂ ਦੀ ਖੇਪ ਦੀ ਡਲਿਵਰੀ ਕਰਨ ਜਾ ਰਹੇ ਹਥਿਆਰ ਸਮੱਗਲਰ ਤਰੁਣ, ਜੋ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਰਹਿਣ ਵਾਲਾ ਹੈ, ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਟੀਮਾਂ ਨੇ ਉਸ ਕੋਲੋਂ .32 ਬੋਰ ਦੇ 4 ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

 


Harinder Kaur

Content Editor

Related News