ਪੰਜਾਬ ਪੁਲਸ ਦੇ ASI ਨੇ ਮਾਰਿਆ ਹੰਭਲਾ! ਹੁਣ ਗਰੀਬਾਂ ਦੇ ਬੱਚੇ ਵੀ ਬਣ ਸਕਣਗੇ ਵੱਡੇ ਅਫ਼ਸਰ
Friday, Aug 14, 2026 - 12:59 PM (IST)
ਲੁਧਿਆਣਾ: ਲੁਧਿਆਣਾ ਪੁਲਸ ਕਮਿਸ਼ਨਰੇਟ ਵਿਚ ਹੈੱਡ ਕਲਰਕ ਵਜੋਂ ਤਾਇਨਾਤ ਏ.ਐੱਸ.ਆਈ. (ASI) ਗੁਰਦੇਵ ਸਿੰਘ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੇ ਹਨ। ਉਨ੍ਹਾਂ ਨੇ ਸਾਲ 2016 ਵਿੱਚ 'ਸਤਿਗੁਰੂ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ' ਦੀ ਸਥਾਪਨਾ ਕੀਤੀ, ਜਿਸ ਦਾ ਮੁੱਖ ਮਕਸਦ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨਾ ਹੈ ਜੋ ਮਹਿੰਗੀ ਪ੍ਰਾਈਵੇਟ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦੇ।
ਇਸ ਪਹਿਲ ਦਾ ਵਿਚਾਰ ਗੁਰਦੇਵ ਸਿੰਘ ਨੂੰ ਲਗਭਗ ਇਕ ਦਹਾਕਾ ਪਹਿਲਾਂ ਆਇਆ ਸੀ, ਜਦੋਂ ਉਹ ਆਪਣੀ ਧੀ ਲਈ ਦਿੱਲੀ ਦੇ ਇਕ ਨਾਮੀ ਸੰਸਥਾਨ ਵਿਚ UPSC ਕੋਚਿੰਗ ਬਾਰੇ ਪੁੱਛਣ ਗਏ ਸਨ। ਉੱਥੇ ਰਹਿਣ ਅਤੇ ਪੜ੍ਹਾਈ ਦਾ ਕੁੱਲ ਖ਼ਰਚਾ ਲਗਭਗ 5 ਲੱਖ ਰੁਪਏ ਸੀ। ਗੁਰਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਉਹ ਤਾਂ ਇਹ ਖ਼ਰਚਾ ਚੁੱਕ ਸਕਦੇ ਸਨ, ਪਰ ਉਨ੍ਹਾਂ ਗਰੀਬ ਮਾਪਿਆਂ ਦਾ ਕੀ ਹੋਵੇਗਾ ਜੋ ਇੰਨੀ ਭਾਰੀ ਫੀਸ ਨਹੀਂ ਭਰ ਸਕਦੇ। ਇਸੇ ਸੋਚ ਨੇ ਉਨ੍ਹਾਂ ਨੂੰ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਲਈ ਪ੍ਰੇਰਿਤ ਕੀਤਾ।
ਇਸ ਸੈਂਟਰ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਘੱਟ ਹੁੰਦੀ ਹੈ। ਦਾਖ਼ਲਾ ਇਕ ਪ੍ਰਵੇਸ਼ ਪ੍ਰੀਖਿਆ ਰਾਹੀਂ ਹੁੰਦਾ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਕੋਚਿੰਗ ਦੇ ਨਾਲ-ਨਾਲ ਰਹਿਣ-ਸਹਿਣ ਅਤੇ ਖਾਣਾ ਵੀ ਮੁਫ਼ਤ ਦਿੱਤਾ ਜਾਂਦਾ ਹੈ। ਦਿੱਲੀ ਦੇ ਨਾਮੀ UPSC ਕੋਚਿੰਗ ਸੈਂਟਰਾਂ ਵਿਚ ਪੜ੍ਹਾਉਣ ਵਾਲੇ ਤਜ਼ਰਬੇਕਾਰ ਅਧਿਆਪਕ ਇੱਥੇ ਹਫ਼ਤੇ ਦੇ ਸੱਤੇ ਦਿਨ ਕਲਾਸਾਂ ਲੈਂਦੇ ਹਨ। ਮੌਜੂਦਾ ਸਮੇਂ ਵਿਚ 50 ਵਿਦਿਆਰਥੀਆਂ ਦਾ ਬੈਚ ਚੱਲ ਰਿਹਾ ਹੈ।
ਹੁਣ ਤੱਕ ਇਸ ਕੇਂਦਰ ਤੋਂ ਕੋਚਿੰਗ ਲੈਣ ਵਾਲੇ ਕਈ ਵਿਦਿਆਰਥੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਵਿਚ ਪੰਜਾਬ ਅਤੇ ਦਿੱਲੀ ਪੁਲਸ ਦੇ ਸਬ-ਇੰਸਪੈਕਟਰ, ਜੁਡੀਸ਼ੀਅਲ ਮੈਜਿਸਟ੍ਰੇਟ (JMIC), ਜੇਲ੍ਹ ਵਾਰਡਨ, ਮਾਲ ਵਿਭਾਗ ਦੇ ਅਧਿਕਾਰੀ ਅਤੇ ਰੇਲਵੇ ਮੁਲਾਜ਼ਮ ਸ਼ਾਮਲ ਹਨ। ਗੁਰਦੇਵ ਸਿੰਘ ਦੀ ਆਪਣੀ ਧੀ ਵੀ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੀ ਹੈ। ਗੁਰਦੇਵ ਸਿੰਘ ਦੇ ਇਸ ਨੇਕ ਕਾਰਜ ਵਿਚ ਉਨ੍ਹਾਂ ਨੂੰ ਕੁਝ ਹੋਰ ਪੁਲਸ ਮੁਲਾਜ਼ਮਾਂ, ਪ੍ਰਵਾਸੀ ਭਾਰਤੀਆਂ (NRIs) ਅਤੇ ਸਮਾਜ ਸੇਵੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ IAS ਅਤੇ IPS ਅਧਿਕਾਰੀਆਂ ਦੇ ਗੈਸਟ ਲੈਕਚਰ ਵੀ ਕਰਵਾਏ ਜਾਂਦੇ ਹਨ।
