ਹੁਣ ਨਹੀਂ ਪਵੇਗੀ ਥਾਣੇ ਜਾਣ ਦੀ ਲੋੜ, ਪੰਜਾਬ ਪੁਲਸ ਨੇ ਲਾਂਚ ਕੀਤੀ ''ਸਾਂਝ ਐਪ''

04/13/2018 7:59:52 PM

ਜਲੰਧਰ : ਥਾਣਿਆਂ ਵਿਚ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਅਤੇ ਲੋਕਾਂ ਦੀ ਸਹੂਲਤ ਲਈ ਸੂਬਾ ਪੁਲਸ ਨੇ 'ਪੰਜਾਬ ਪੁਲਸ ਸਾਂਝ' ਐਪ ਲਾਂਚ ਕੀਤੀ ਹੈ। ਇਸ ਨਾਲ ਪੁਲਸ ਸੰਬੰਧੀ ਸਾਰੀ ਕਾਰਵਾਈ ਆਸਾਨ ਹੋ ਸਕੇਗੀ। ਇਸ 'ਤੇ ਤੁਸੀਂ ਘਰ ਬੈਠੇ ਹੀ ਥਾਣੇ ਗਏ ਬਗੈਰ ਚੋਰੀ ਅਤੇ ਹੋਰ ਸ਼ਿਕਾਇਤਾਂ ਵੀ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ 'ਚ ਵਹੀਕਲ ਅਨਟ੍ਰੇਸ ਕਾਪੀ, ਵੈਰੀਫਿਕੇਸ਼ਨ, ਪੁਲਸ ਕਲੀਅਰੈਂਸ, ਐੱਨ. ਓ. ਸੀ., ਸ਼ਿਕਾਇਤ ਦਾ ਸਟੇਟਸ, ਪਾਸਪੋਰਟ ਸਟੇਟਸ, ਚੋਰੀ ਹੋਏ ਵਾਹਨ ਦੀ ਜਾਣਕਾਰੀ, ਗੁੰਮਸ਼ੁਦਾ ਲੋਕਾਂ ਦੀ ਜਾਣਕਾਰੀ ਅਤੇ ਅਨਕਲੇਮਡ ਵਹੀਕਲ ਦੀ ਡਿਟੇਲ ਮੋਬਾਇਲ 'ਤੇ ਦਿੱਤੀ ਜਾ ਸਕੇਗੀ।
ਉਥੇ ਹੀ ਇਸ ਨਾਲ ਤੁਸੀਂ ਇਸ ਦੀ ਕਾਪੀ ਵੀ ਪ੍ਰਿੰਟ ਕਰਕੇ ਕੱਢ ਸਕੋਗੇ ਤਾਂ ਜੋ ਤੁਹਾਨੂੰ ਥਾਣੇ ਜਾ ਕੇ ਕਿਸੇ ਤੋਂ ਮੰਗਣੀ ਨਾ ਪਵੇ। ਇਸ ਨਾਲ ਤੁਹਾਡੀ ਸ਼ਿਕਾਇਤ ਦਾ ਸਟੇਟਸ ਵੀ ਜਾਣਿਆ ਜਾ ਸਕਦਾ ਹੈ। ਜੇ ਤੁਸੀਂ ਸ਼ਹਿਰ ਵਿਚ ਕਿਸੇ ਵੀ ਜਗ੍ਹਾ ਜਾਣ ਲਈ ਘਰੋਂ ਨਿਕਲੇ ਹੋ ਤਾਂ ਰਸਤੇ ਵਿਚ ਕੋਈ ਮੁਸ਼ਕਲ ਆ ਜਾਂਦੀ ਹੈ ਤਾਂ 'ਪੰਜਾਬ ਪੁਲਸ ਸਾਂਝ ਐਪ' ਨਾਲ ਸੰਬੰਧਤ ਇਲਾਕੇ ਦੇ ਥਾਣਾ ਮੁਖੀ, ਡੀ. ਐੱਸ. ਪੀ. ਅਤੇ ਐੱਸ. ਪੀ. ਦਾ ਨਾਮ ਦੇ ਨਾਲ-ਨਾਲ ਮੋਬਾਇਲ ਨੰਬਰ ਵੀ ਜਾਣ ਸਕੋਗੇ ਹੋ ਅਤੇ ਨੰਬਰ ਡਾਇਲ ਕਰਕੇ ਪੁਲਸ ਮਦਦ ਲੈ ਸਕੋਗੇ। ਜੇ ਖੁਦ ਥਾਣੇ ਜਾਣਾ ਚਾਹੁੰਦੇ ਹੋ ਤਾਂ ਐਪ ਰਾਹੀਂ ਜੀ. ਪੀ. ਐੱਸ. ਦੀ ਮਦਦ ਨਾਲ ਥਾਣੇ ਵੀ ਪਹੁੰਚ ਸਕਦੇ ਹੋ।


Related News