ਪੰਜਾਬ ਦੇ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਬਣਿਆ ਚੁਣੌਤੀ, ਨਵੇਂ ਫਲੈਟ ਖ਼ਰੀਦੇਗੀ ਸਰਕਾਰ
Saturday, Jul 16, 2022 - 02:10 PM (IST)
ਚੰਡੀਗੜ੍ਹ : ਪੰਜਾਬ ਦੇ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਸਰਕਾਰ ਲਈ ਔਖਾ ਕੰਮ ਸਾਬਿਤ ਹੋ ਰਿਹਾ ਹੈ। ਅਧਿਕਾਰੀਆਂ ਲਈ ਫਲੈਟ ਅਲਾਟ ਕਰਨ ਤੋਂ ਲੈ ਕੇ ਚੰਡੀਗੜ੍ਹ ਜਾਂ ਮੋਹਾਲੀ 'ਚ ਨਵੇਂ ਫਲੈਟ ਖ਼ਰੀਦਣ ਤੱਕ ਸਰਕਾਰ ਇਹ ਯਕੀਨੀ ਕਰਨ ਦੇ ਬਦਲ ਤਲਾਸ਼ ਰਹੀ ਹੈ ਕਿ ਸਾਰੇ ਵਿਧਾਇਕਾਂ ਨੂੰ ਸੂਬੇ ਦੀ ਰਾਜਧਾਨੀ ਵਿਖੇ ਰਿਹਾਇਸ਼ ਮਿਲ ਸਕੇ। ਜਿੱਥੇ ਸੂਬਾ ਸਰਕਾਰ ਗਮਾਡਾ ਵੱਲੋਂ ਮੋਹਾਲੀ 'ਚ ਬਣਾਏ ਗਏ ਪੂਰਬ ਅਪਾਰਟਮੈਂਟਸ 'ਚ ਵਿਧਾਇਕਾਂ ਲਈ ਕੁੱਝ ਫਲੈਟ ਖ਼ਰੀਦਣ ਬਾਰੇ ਵਿਚਾਰ ਕਰ ਰਹੀ ਹੈ, ਉੱਥੇ ਹੀ ਸੈਕਟਰ-39 'ਚ ਅਫ਼ਸਰਾਂ ਲਈ ਬਣੇ ਫਲੈਟ ਵਿਧਾਇਕਾਂ ਨੂੰ ਅਲਾਟ ਕਰਨ ਬਾਰੇ ਸੋਚ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ 'ਚ ਫਿਰ ਪਲਟੀ ਸਕੂਲੀ ਬੱਸ, ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ (ਵੀਡੀਓ)
ਬੀਤੇ ਦਿਨ ਇਸ ਸਬੰਧੀ ਹੋਈ ਇਕ ਮੀਟਿੰਗ ਦੌਰਾਨ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰ ਚੁਣੇ ਹੋਏ ਨੁਮਾਇੰਦਿਆਂ ਲਈ ਹੋਰ ਫਲੈਟ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਪਤਾ ਲੱਗਾ ਹੈ ਕਿ ਪਹਿਲਾਂ ਸੂਬਾ ਸਰਕਾਰ ਰਾਜੀਵ ਗਾਂਧੀ ਆਈ. ਟੀ. ਪਾਰਕ ਵਿਖੇ ਚੰਡੀਗੜ੍ਹ ਹਾਊਸਿੰਗ ਬੋਰਡ ਤੋਂ ਫਲੈਟ ਖ਼ਰੀਦਣ ਬਾਰੇ ਵਿਚਾਰ ਕਰ ਰਹੀ ਸੀ, ਪਰ ਇਹ ਪ੍ਰਸਤਾਵ ਟਲ ਗਿਆ ਜਾਪਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਚੁਣੇ ਗਏ ਬਹੁਤੇ ਵਿਧਾਇਕਾਂ ਕੋਲ ਇੱਥੇ ਨਿੱਜੀ ਰਿਹਾਇਸ਼ ਵੀ ਨਹੀਂ ਹੈ। ਇਹੀ ਕਾਰਨ ਹੈ ਕਿ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਇਕ ਚੁਣੌਤੀ ਸਾਬਿਤ ਹੋ ਰਿਹਾ ਹੈ।
ਪਿਛਲੀ ਵਿਧਾਨ ਸਭਾ ਤੱਕ ਬਹੁ ਗਿਣਤੀ ਵਿਧਾਇਕਾਂ ਨੇ ਕਈ ਕਾਰਜਕਾਲਾਂ ਲਈ ਸੇਵਾ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕੋਲ ਜਾਂ ਤਾਂ ਚੰਡੀਗੜ੍ਹ ਜਾਂ ਫਿਰ ਮੋਹਾਲੀ, ਪੰਚਕੂਲਾ ਵਿਖੇ ਨਿੱਜੀ ਰਿਹਾਇਸ਼ਾਂ ਸਨ ਅਤੇ ਉਹ ਸਰਕਾਰੀ ਰਿਹਾਇਸ਼ ਦੀ ਮੰਗ ਕਰਨ ਦੇ ਚਾਹਵਾਨ ਨਹੀਂ ਸਨ। ਇਸ ਵਾਰ ਸੱਤਾਧਾਰੀ ਪਾਰਟੀ ਦੇ ਕਈ ਵਿਧਾਇਕ ਸ਼ਹਿਰ 'ਚ ਸਰਕਾਰੀ ਫਲੈਟ ਨਾ ਮਿਲਣ ਦਾ ਰੌਲਾ ਪਾ ਰਹੇ ਹਨ।
ਇਹ ਵੀ ਪੜ੍ਹੋ : 'ਸਿਮਰਜੀਤ ਬੈਂਸ' ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਮੁੜ 2 ਦਿਨਾਂ ਦੇ ਰਿਮਾਂਡ 'ਤੇ
ਦਿਲਚਸਪ ਗੱਲ ਇਹ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ 'ਆਪ' ਦੇ ਸਾਰੇ ਵਿਧਾਇਕਾਂ ਦੀ ਪਹਿਲੀ ਹੀ ਮੀਟਿੰਗ 'ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਚੰਡੀਗੜ੍ਹ 'ਚ ਨਹੀਂ, ਸਗੋਂ ਆਪਣੇ ਹਲਕਿਆਂ 'ਚ ਰਹਿਣ ਲਈ ਕਿਹਾ ਸੀ। ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ। ਇਨ੍ਹਾਂ 'ਚੋਂ ਸਿਰਫ 50 ਨੂੰ ਹੀ ਸਰਕਾਰੀ ਫਲੈਟ ਮਿਲਿਆ ਹੈ। ਬਾਕੀ 42 ਵਿਧਾਇਕਾਂ 'ਚੋਂ 17 (ਸਾਰੇ ਮੰਤਰੀ, ਸਪੀਕਰ ਤੇ ਡਿਪਟੀ ਸਪੀਕਰ) ਨੂੰ ਬੰਗਲੇ ਅਲਾਟ ਕੀਤੇ ਗਏ ਹਨ। ਸੂਬੇ ਦੇ ਕੁੱਲ 117 ਵਿਧਾਇਕ ਹਨ ਪਰ ਇਨ੍ਹਾਂ ਵਿਧਾਇਕਾਂ ਦੇ ਰਹਿਣ ਲਈ ਸੂਬਾ ਸਰਕਾਰ ਕੋਲ ਉਪਲੱਬਧ ਫਲੈਟਾਂ ਦੀ ਗਿਣਤੀ ਸਿਰਫ 64 ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ