ਪਹਾੜਾਂ 'ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਵਧੀ ਠੰਡ
Tuesday, Nov 12, 2019 - 09:07 AM (IST)

ਚੰਡੀਗੜ੍ਹ (ਏਜੰਸੀਆਂ) : ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਈ ਉਚੇਰੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਨਾਲ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਵਿਚ ਠੰਡ ਵਧ ਗਈ ਹੈ। ਵੀਰਵਾਰ ਸ਼ਾਮ ਤੱਕ ਮੈਦਾਨੀ ਇਲਾਕਿਆਂ ਵਿਚ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਖੇਤਰ ਵਿਚ ਹਲਕੇ ਬੱਦਲ ਛਾਏ ਰਹੇ ਅਤੇ ਧੁੱਪ ਨਹੀਂ ਨਿਕਲੀ। ਇਸ ਕਾਰਨ ਲੋਕਾਂ ਨੇ ਠੰਡ ਮਹਿਸੂਸ ਕੀਤੀ। ਹਰਿਆਣਾ ਵਿਚ ਕਈ ਥਾਵਾਂ 'ਤੇ ਪਾਰਾ ਆਮ ਨਾਲੋਂ 2 ਡਿਗਰੀ ਹੇਠਾਂ ਚਲਾ ਗਿਆ। ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਰਨਾਲ ਵਿਚ 10, ਰੋਹਤਕ ਵਿਚ 12, ਜਲੰਧਰ ਨੇੜੇ ਆਦਮਪੁਰ ਵਿਚ 12, ਬਠਿੰਡਾ ਵਿਚ 8, ਸ਼੍ਰੀਨਗਰ ਵਿਚ ਸਿਫਰ, ਭੁੰਤਰ ਵਿਚ 6 ਅਤੇ ਮੰਡੀ ਵਿਚ 16 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਸ਼੍ਰੀਨਗਰ ਤੋਂ ਮਿਲੀਆਂ ਖਬਰਾਂ ਮੁਤਾਬਕ ਕੰਟਰੋਲ ਰੇਖਾ ਨੇੜੇ ਭਾਰੀ ਬਰਫਬਾਰੀ ਕਾਰਨ ਦਰਜਨਾਂ ਪਿੰਡਾਂ ਦਾ ਤਹਿਸੀਲ ਹੈੱਡ ਕੁਆਰਟਰ ਨਾਲੋਂ ਸੰਪਰਕ ਟੁੱਟ ਗਿਆ ਹੈ। ਕੁਪਵਾੜਾ-ਕਰਨਾਹ, ਕੁਪਵਾੜਾ-ਕੇਰਨ ਅਤੇ ਕੁਪਵਾੜਾ-ਮਾਛਿਲ ਸੜਕਾਂ ਬਰਫਬਾਰੀ ਕਾਰਣ ਆਵਾਜਾਈ ਲਈ ਬੰਦ ਹੋ ਗਈਆਂ ਹਨ। ਖੇਤਰ ਵਿਚ ਬਰਫ ਦੇ ਤੋਦੇ ਡਿੱਗਣ ਦਾ ਡਰ ਬਣਿਆ ਹੋਇਆ ਹੈ। ਬਾਂਦੀਪੋਰਾ ਜ਼ਿਲੇ ਵਿਚ ਗੁਰੇਜ਼, ਨੀਰੂ ਅਤੇ ਕਈ ਹੋਰ ਖੇਤਰਾਂ ਵਿਚ ਭਾਰੀ ਬਰਫਬਾਰੀ ਕਾਰਣ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ ਹੈ। ਰਾਜਦਾਨ ਦੱਰੇ ਨੇੜੇ 5 ਫੁੱਟ ਤੋਂ ਵੱਧ ਬਰਫ ਪਈ ਹੈ।
ਹਿਮਾਚਲ ਦੇ ਕਬਾਇਲੀ ਜ਼ਿਲਿਆਂ ਵਿਚ ਬਰਫਬਾਰੀ ਹੋਣ ਕਾਰਣ ਘੱਟੋ-ਘੱਟ ਤਾਪਮਾਨ ਆਮ ਨਾਲੋਂ 10 ਤੋਂ 12 ਡਿਗਰੀ ਹੇਠਾਂ ਚਲਾ ਗਿਆ ਹੈ। ਲਾਹੌਲ-ਸਪਿਤੀ, ਕਨੌਰ, ਪਾਂਗੀ ਵਾਦੀ ਅਤੇ ਭਰਮੌਰ ਖੇਤਰਾਂ ਵਿਚ ਬਰਫਬਾਰੀ ਹੋਣ ਕਾਰਣ ਆਮ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਬਿਜਲੀ, ਸੰਚਾਰ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਵਿਚ ਰੁਕਾਵਟਾਂ ਖੜ੍ਹੀਆਂ ਹੋ ਗਈਆਂ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ 14 ਤੋਂ 16 ਨਵੰਬਰ ਤੱਕ ਇਲਾਕੇ ਵਿਚ ਹੋਰ ਬਰਫਬਾਰੀ ਹੋ ਸਕਦੀ ਹੈ। ਸ਼ਿਮਲਾ, ਸੋਲਨ, ਚੰਬਾ ਅਤੇ ਮੰਡੀ ਖੇਤਰਾਂ ਵਿਚ ਮੌਸਮ ਸਾਫ ਰਹੇਗਾ।