ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ
Saturday, Apr 22, 2023 - 05:35 AM (IST)
ਜਲੰਧਰ (ਪੁਨੀਤ, ਧਵਨ)– ਠੇਕੇਦਾਰਾਂ ਦੀ ਮਨਮਰਜ਼ੀ ਨੂੰ ਲਗਾਮ ਪਾਉਂਦਿਆਂ ਸਰਕਾਰ ਨੇ ਵਿਆਹ-ਸ਼ਾਦੀ ਅਤੇ ਹੋਰ ਸਮਾਰੋਹ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਰੇਟ ਲਿਸਟ) ਦਾ ਜਿਹੜਾ ਨਵਾਂ ਨਿਯਮ ਲਾਗੂ ਕੀਤਾ ਹੈ, ਉਸ ਦੀ ਸੂਚੀ ਠੇਕੇਦਾਰਾਂ ਨੂੰ ਪਹੁੰਚਾ ਦਿੱਤੀ ਗਈ ਹੈ।
ਨਵੀਂ ਐਕਸਾਈਜ਼ ਪਾਲਿਸੀ ਵਿਚ ਬਣਾਏ ਗਏ ਨਿਯਮਾਂ ਤਹਿਤ ਸ਼ਰਾਬ ਠੇਕੇਦਾਰ ਹੁਣ ਤੈਅ ਕੀਤੀ ਗਈ ਵੱਧ ਤੋਂ ਵੱਧ ਕੀਮਤ ਤੋਂ ਜ਼ਿਆਦਾ ਭਾਅ ਨਹੀਂ ਵਸੂਲ ਕਰ ਸਕਣਗੇ। ਹੋਟਲਾਂ, ਮੈਰਿਜ ਪੈਲੇਸਾਂ, ਰਿਜ਼ਾਰਟਸ ਆਦਿ ਵਿਚ ਸਮਾਰੋਹ ਕਰਨ ਵਾਲਿਆਂ ਲਈ ਰੇਟ ਫਿਕਸ ਹੋਣਾ ਸਰਕਾਰ ਦਾ ਵੱਡਾ ਕਦਮ ਹੈ। ਪੰਜਾਬ ਸਰਕਾਰ ਨੇ ਪਹਿਲੀ ਵਾਰ ਐਕਸਾਈਜ਼ ਪਾਲਿਸੀ ਵਿਚ ਇਹ ਨਿਯਮ ਲਾਗੂ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਖਪਤਕਾਰਾਂ ਨੂੰ ਵਾਜਿਬ ਕੀਮਤਾਂ ’ਤੇ ਠੇਕਿਆਂ ਤੋਂ ਸ਼ਰਾਬ ਮਿਲ ਸਕੇਗੀ।
ਇਹ ਖ਼ਬਰ ਵੀ ਪੜ੍ਹੋ - Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ, ਪੜ੍ਹੋ ਵਜ੍ਹਾ
ਇਸੇ ਕ੍ਰਮ ਵਿਚ ਸਰਕਾਰ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਠੇਕੇਦਾਰਾਂ ਦੀ ਮਨਮਰਜ਼ੀ ’ਤੇ ਰੋਕ ਲਾਈ ਹੈ। ਇਸ ਤਹਿਤ ਖਪਤਕਾਰ ਜ਼ਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਖਰੀਦ ਸਕਣਗੇ। ਇਹ ਠੇਕੇ ਸਬੰਧਤ ਜ਼ਿਲ੍ਹੇ ਦੇ ਰਿਕਾਰਡ ਦੇ ਹਿਸਾਬ ਨਾਲ ਰੈਵੇਨਿਊ ਡਿਸਟ੍ਰਿਕਟ ਅਧੀਨ ਆਉਣੇ ਚਾਹੀਦੇ ਹਨ। ਹੁਣ ਤੱਕ ਚਲੀ ਆ ਰਹੀ ਐਕਸਾਈਜ਼ ਪਾਲਿਸੀ ਮੁਤਾਬਕ ਖਪਤਕਾਰ ਨੂੰ ਵਿਆਹ ਸਮਾਰੋਹ ਵਾਲੇ ਸਥਾਨ ਨੇੜਲੇ ਠੇਕੇ ਤੋਂ ਸ਼ਰਾਬ ਖਰੀਦਣੀ ਪੈਂਦੀ ਸੀ। ਇਸ ਤਹਿਤ ਠੇਕੇਦਾਰ ਮਨਮਰਜ਼ੀ ਦੇ ਭਾਅ ਵਸੂਲ ਕਰਦੇ ਸਨ, ਜਿਸ ਕਾਰਨ ਖਪਤਕਾਰਾਂ ਨੂੰ ਸ਼ਰਾਬ ਖਰੀਦਣ ਵਿਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੂੰ ਹਨੀ ਸਿੰਘ ਖ਼ਿਲਾਫ਼ ਮਿਲੀ ਸ਼ਿਕਾਇਤ; ਰੈਪਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਪੜ੍ਹੋ ਪੂਰਾ ਮਾਮਲਾ
ਇਸ ਦੇ ਲਈ ਐਕਸਾਈਜ਼ ਵਿਭਾਗ ਤੋਂ ਮਿਲਣ ਵਾਲਾ ਸ਼ਰਾਬ ਪਿਆਉਣ ਦਾ ਪਰਮਿਟ ਹੋਣਾ ਜ਼ਰੂਰੀ ਹੈ। ਖਪਤਕਾਰਾਂ ਨੂੰ ਠੇਕਿਆਂ ਤੋਂ ਸ਼ਰਾਬ ਖਰੀਦਣੀ ਪਵੇਗੀ। ਨਾਜਾਇਜ਼ ਢੰਗ ਨਾਲ ਖਰੀਦੀ ਗਈ ਸ਼ਰਾਬ ਮੈਰਿਜ ਪੈਲੇਸਾਂ ਅਤੇ ਸਮਾਰੋਹਾਂ ਦੌਰਾਨ ਸਰਵ ਕਰਨਾ ਕਾਨੂੰਨੀ ਜੁਰਮ ਦੀ ਸ਼੍ਰੇਣੀ ਵਿਚ ਆਵੇਗੀ।
ਖਪਤਕਾਰਾਂ ਨੂੰ ਲੁੱਟ ਤੋਂ ਬਚਾਉਣ ਲਈ ਚੁੱਕਿਆ ਕਦਮ : ਚੀਮਾ
ਚੰਡੀਗੜ੍ਹ/ਜਲੰਧਰ, (ਰਮਨਜੀਤ ਸਿੰਘ, ਧਵਨ)– ਪੰਜਾਬ ਦੇ ਵਿੱਤ, ਐਕਸਾਈਜ਼ ਮਨਿਸਟਰ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਠੇਕੇਦਾਰਾਂ ਦੀ ਲੁੱਟ ਤੋਂ ਖਪਤਕਾਰਾਂ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ, ਇਸ ਨਾਲ ਠੇਕੇਦਾਰਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਇਸ ਤਹਿਤ ਪਰਮਿਟ ਦੇ ਨਾਲ-ਨਾਲ ਸ਼ਰਾਬ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਸੂਚੀ ਮੁਹੱਈਆ ਕਰਵਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਇਸ ਸੂਬੇ ਦੇ ਸਕੂਲ ਜੂਨ ਤਕ ਰਹਿਣਗੇ ਬੰਦ, ਪੜ੍ਹੋ ਵਜ੍ਹਾ
ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਤਹਿਤ ਖਪਤਕਾਰਾਂ ਨੂੰ ਵੱਡੀ ਛੂਟ ਮਿਲੀ ਹੈ। ਸਮਾਰੋਹ ਲਈ ਸ਼ਰਾਬ ਦੀ ਖਰੀਦ ਕਰਨ ਤੋਂ ਪਹਿਲਾਂ ਖਪਤਕਾਰ ਦੂਜੇ ਠੇਕਿਆਂ ਤੋਂ ਰੇਟ ਲਿਸਟ ਪਤਾ ਕਰ ਕੇ ਪੈਸੇ ਬਚਾ ਸਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।