ਪਾਵਰਕਾਮ ਦਫਤਰ ਦੀ ਇਮਾਰਤ ਕਾਰਨ ਵਾਪਰ ਸਕਦੀ ਹੈ ਅਣਹੋਣੀ

Tuesday, Nov 21, 2017 - 12:42 AM (IST)

ਤਲਵੰਡੀ ਭਾਈ(ਗੁਲਾਟੀ)—ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਅੰਦਰ ਵਿਕਾਸ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਇਥੋਂ ਦੇ ਪਾਵਰਕਾਮ ਦਫਤਰ ਦੀ ਇਮਾਰਤ ਨੂੰ ਦੇਖ ਕੇ ਵਿਕਾਸ ਦੇ ਸਭ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ, ਜਿਸ ਕਰ ਕੇ ਇਥੇ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਖਪਤਕਾਰਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਨਾਲ ਨਜਿੱਠਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਵਰਕਾਮ ਦੇ ਦਫਤਰ ਦੀ ਇਮਾਰਤ ਜਿਸ ਨੂੰ ਬਣਿਆਂ 60-65 ਸਾਲ ਹੋ ਚੁੱਕੇ ਹਨ ਤੇ ਇਮਾਰਤ ਬਹੁਤ ਹੀ ਪੁਰਾਣੀ ਹੋ ਜਾਣ ਕਰ ਕੇ ਆਪਣੀ ਉਮਰ ਪੂਰੀ ਕਰ ਚੁੱਕੀ ਹੈ। ਇਸ ਇਮਾਰਤ ਵਿਚ ਕੰਮ ਕਰਦੇ ਕਰਮਚਾਰੀ ਅਤੇ ਕੰਮ ਕਰਵਾਉਣ ਆਏ ਖਪਤਕਾਰਾਂ ਨਾਲ ਕਿਸੇ ਵੀ ਵੇਲੇ ਭਿਆਨਕ ਹਾਦਸਾ ਵਾਪਰ ਸਕਦਾ ਹੈ। 
ਕੀ-ਕੀ ਹੈ ਦਫਤਰ 'ਚ ਖਰਾਬੀ
ਇਸ ਇਮਾਰਤ ਦਾ ਜ਼ਮੀਨੀ ਪੱਧਰ ਕਾਫੀ ਨੀਵਾਂ ਹੋ ਗਿਆ ਹੈ, ਜਿਸ ਕਰ ਕੇ ਥੋੜ੍ਹੀ ਜਿਹੀ ਬਾਰਿਸ਼ ਪੈਣ 'ਤੇ ਇਸ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ, ਕਮਰਿਆਂ ਦੀਆਂ ਛੱਤਾਂ ਤੋਂ ਸੀਮੈਂਟ ਲੱਥ ਰਿਹਾ ਹੈ, ਕਮਰਿਆਂ ਦੀਆਂ ਛੱਤਾਂ ਤੇ ਕੰਧਾਂ ਨੂੰ ਘੁਣ ਲੱਗ ਗਿਆ ਹੈ, ਕੰਧਾਂ ਦੀਆਂ ਇੱਟਾਂ ਖੁਰ ਰਹੀਆਂ ਹਨ, ਮੁਲਾਜ਼ਮਾਂ ਦੇ ਕੰਮ ਕਰਨ ਅਤੇ ਪਾਵਰਕਾਮ ਦਾ ਸਾਮਾਨ ਸੰਭਾਲਣ ਵਾਲੇ ਕਮਰੇ ਵੀ ਅਸੁਰੱਖਿਅਤ ਹਨ, ਬਰਸਾਤ 'ਤੇ ਉਨ੍ਹਾਂ ਦੀਆਂ ਛੱਤਾਂ ਚੋਣ ਲੱਗਦੀਆਂ ਹਨ, ਜਿਸ ਨਾਲ ਜਿਥੇ ਪਾਵਰਕਾਮ ਦਾ ਰਿਕਾਰਡ ਖਰਾਬ ਹੋ ਰਿਹਾ ਹੈ, ਉਥੇ ਮੁਲਾਜ਼ਮਾਂ ਨੂੰ ਵੀ ਕਮਰਿਆਂ 'ਚ ਪਾਣੀ ਆਉਣ ਕਰ ਕੇ ਬਾਹਰ ਬੈਠਣਾ ਪੈਂਦਾ ਹੈ, ਖਪਤਕਾਰਾਂ ਲਈ ਬਿੱਲ ਭਰਨਾ ਵੀ ਔਖਾ ਹੁੰਦਾ ਹੈ ਕਿਉਂਕਿ ਬਿੱਲ ਭਰਨ ਵਾਲੇ ਕਾਊਂਟਰ ਸਾਹਮਣੇ ਥਾਂ ਨੀਵੀਂ ਹੋਣ ਕਰ ਕੇ ਪਾਣੀ ਦਾ ਛੱਪੜ ਲੱਗਾ ਰਹਿੰਦਾ ਹੈ ਤੇ ਖਪਤਕਾਰਾਂ ਨੂੰ ਚਿੱਕੜ ਵਿਚ ਖੜ੍ਹ ਕੇ ਹੀ ਬਿੱਲ ਤਾਰਨੇ ਪੈਂਦੇ ਹਨ। ਮਹਿਕਮਾ ਖਪਤਕਾਰਾਂ ਅਤੇ ਮੁਲਾਜ਼ਮਾਂ ਦੀਆਂ ਜਾਨਾਂ ਨੂੰ ਦਾਅ 'ਤੇ ਲਾ ਰਿਹਾ ਹੈ ਜਾਂ ਇਹ ਸਮਝ ਲਿਆ ਜਾਵੇ ਕਿ ਕਿਸੇ ਅਣਹੋਣੀ ਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ।  
ਕੀ ਹੈ ਮੁਲਾਜ਼ਮਾਂ ਦੀ ਮੰਗ
ਪਾਵਰਕਾਮ ਦੇ ਦਫਤਰ ਦੀ ਇਮਾਰਤ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੀ ਹੈ, ਬਰਸਾਤ ਦੇ ਦਿਨਾਂ ਵਿਚ ਤਾਂ ਦਫ਼ਤਰ ਦਾ ਹਰੇਕ ਕਮਰਾ ਪਾਣੀ ਨਾਲ ਭਰਿਆ ਦੇਖਣ ਨੂੰ ਮਿਲਦਾ ਹੈ, ਇਸ ਬਰਸਾਤੀ ਪਾਣੀ ਨੂੰ ਕਮਰਿਆਂ 'ਚ ਬਾਹਰ ਕੱਢਣ ਲਈ ਮੋਟਰ ਦਾ ਸਹਾਰਾ ਲੈਣਾ ਪੈਂਦਾ ਹੈ। ਕਰਮਚਾਰੀਆਂ ਅਤੇ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਕਮਾ ਇਸ ਵੱਲ ਤੁਰੰਤ ਧਿਆਨ ਦੇਵੇ। 
ਕੀ ਕਹਿਣਾ ਹੈ ਪਾਵਰਕਾਮ ਦੇ ਅਧਿਕਾਰੀ ਸਰਤਾਜ ਸਿੰਘ ਦਾ
ਇਸ ਸਾਰੇ ਮਾਮਲੇ ਨੂੰ ਜਦੋਂ ਪਾਵਰਕਾਮ ਦੇ ਅਧਿਕਾਰੀ ਸਰਤਾਜ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਫਤਰ ਦੀ ਇਮਾਰਤ ਦਾ ਮਾਮਲਾ ਸਿਵਲ ਵਿੰਗ ਐੱਸ. ਡੀ. ਓ. ਬਠਿੰਡਾ ਦੇ ਧਿਆਨ ਵਿਚ ਕਈ ਵਾਰ ਲਿਆਂਦਾ ਗਿਆ ਹੈ, ਉਨ੍ਹਾਂ ਵੱਲੋਂ ਸਰਵੇ ਵੀ ਕਰਵਾਇਆ ਗਿਆ ਸੀ, ਉਮੀਦ ਹੈ ਕਿ ਜਲਦ ਕਾਰਵਾਈ ਹੋਵੇਗੀ। 


Related News