ਪੰਜਾਬ ਵਾਸੀਆਂ ਲਈ ਵੱਡੀ ਖ਼ਬਰ, ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ
Friday, Aug 22, 2025 - 01:36 PM (IST)

ਮਲੋਟ (ਸ਼ਾਂਤ, ਜੁਨੇਜਾ, ਵਿਕਾਸ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਮਲੋਟ ਦੇ ਸਰਬਪੱਖੀ ਵਿਕਾਸ ਲਈ ਉਲੀਕੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਡਾ. ਬਲਜੀਤ ਕੌਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਆਗਾਮੀ ਝੋਨੇ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਪਿੰਡਾਂ ਦੀਆਂ ਮੰਡੀਆਂ ਨੂੰ ਅਪਗ੍ਰੇਡ ਕਰਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਔਲਖ, ਬਾਮ, ਘੱਗਾ, ਭੁਲੇਰੀਆਂ, ਉੜਾਂਗ, ਫਕਰਸਰ, ਸੰਮੇਵਾਲੀ, ਤਾਮਕੋਟ, ਚਿੱਬੜਾਂਵਾਲੀ, ਮਹਾਂਬਧਰ, ਸੋਥਾ, ਚੱਕ ਮਦਰੱਸਾ ਅਤੇ ਰਾਮਗੜ੍ਹ ਚੁੰਗਾਂ ਵਿਚ ਤਕਰੀਬਨ 1.71 ਕਰੋੜ ਰੁਪਏ ਦੀ ਲਾਗਤ ਨਾਲ ਮੰਡੀਆਂ ਵਿਚ ਸਟੀਲ ਸ਼ੈੱਡਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਥੇੜੀ ਪਿੰਡ ਦੇ ਪੰਚਾਇਤ ਘਰਾਂ ਦੇ ਨਵੀਨੀਕਰਨ ਲਈ 20 ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਪਿੰਡ ਨੂੰ ਪੰਚਾਇਤ ਘਰਾਂ ਬਾਬਤ ਕੁੱਲ 26 ਲੱਖ ਜਾਰੀ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਮੀਟਰ ਰੀਡਿੰਗ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
ਮਲੋਟ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਲਗਭਗ 10.12 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਵੱਖ-ਵੱਖ ਗਲੀਆਂ ਪੱਕੀਆਂ ਕਰਨ ਦੀ ਚਿਰੋਕਣੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਇੰਟਰਲਾਕ ਟਾਈਲਾਂ ਲਗਾਉਣ ਦਾ ਟੈਂਡਰ ਜਾਰੀ ਕਰਨ ਦਾ ਸਿਲਸਿਲਾ ਵੀ ਪੂਰੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਮਲੋਟ ਸ਼ਹਿਰ ਲਈ 2,000 ਸਟਰੀਟ ਲਾਈਟਾਂ ਵੀ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਆਪਣੇ ਹਲਕੇ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਤਰਖਾਣ ਵਾਲਾ ਦੇ ਸਰਕਾਰੀ ਸਕੂਲ ਵਿਚ ਏ.ਸੀ. ਲਗਵਾਏ ਅਤੇ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਦੀ ਵੀ ਵੰਡ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਤੇ ਸ਼ਿੰਦਰਪਾਲ ਸਿੰਘ, ਪਿੰਡ ਦੀ ਪੰਚਾਇਤ ਅਤੇ ਸਕੂਲ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
ਇਹ ਵੀ ਪੜ੍ਹੋ : ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਨੂੰ ਲੈ ਕੇ ਪੰਜਾਬ ਪੁਲਸ ਨੇ ਜਾਰੀ ਕੀਤਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e