ਕੀ ਤਾਲਾਬੰਦੀ ਤੋਂ ਅੱਕੇ ਕਿਸਾਨ ਛੱਡ ਦੇਣਗੇ ਡੇਅਰੀ ਫਾਰਮਿੰਗ ਦਾ ਧੰਦਾ (ਵੀਡੀਓ)

5/20/2020 2:07:36 PM

ਜਲੰਧਰ (ਬਿਊਰੋ) - ਡੇਅਰੀ ਫਾਰਮਿੰਗ ਹੀ ਅਜਿਹਾ ਕਿੱਤਾ ਹੈ, ਜੋ ਕਿਸਾਨਾਂ ਨੂੰ ਆੜ੍ਹਤੀਆਂ ਅਤੇ ਬੈਂਕਾਂ ਦੇ ਕਰਜ਼ਿਆਂ ਤੋਂ ਦੂਰ ਰੱਖਦਾ ਹੈ, ਕਿਉਂਕਿ ਇਸ ਧੰਦੇ ਵਿਚ ਰੋਜ਼ਾਨਾ ਆਮਦਨ ਹੁੰਦੀ ਹੈ। ਪਰ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਰਕੇ ਇਹ ਧੰਦਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ। ਕਾਰਨ ਇਹ ਹੈ ਕਿ ਤਾਲਾਬੰਦੀ ਕਰਕੇ ਦੁੱਧ ਦੀ ਮੰਗ ਘਟੀ ਹੈ, ਜਿਸ ਕਾਰਨ ਇਹ ਦੁੱਧ ਕਿਸਾਨਾਂ ਨੂੰ ਆਪਣੇ ਘਰਾਂ ਵਿਚ ਹੀ ਵਰਤਣਾ ਪਿਆ। ਦੂਜੀ ਗੱਲ ਕਿ ਦੁੱਧ ਦੇ ਭਾਅ ਵੀ ਘੱਟ ਕਰ ਦਿੱਤੇ ਗਏ ਹਨ ਪਰ ਡੰਗਰਾਂ ਦੇ ਚਾਰੇ ਅਤੇ ਫੀਡ ਲਈ ਹੋਣ ਵਾਲਾ ਖਰਚ ਪਹਿਲਾਂ ਜਿੰਨਾ ਹੀ ਹੈ। ਇਸ ਕਾਰਨ ਡੇਅਰੀ ਫਾਰਮ ਨਾਲ ਸਬੰਧਤ ਕਿਸਾਨ ਇਸ ਕਿੱਤੇ ਤੋਂ ਮੂੰਹ ਫੇਰਨ ਲੱਗ ਪਏ ਹਨ। 

ਪੰਜਾਬ ਅੰਦਰ 70 ਫੀਸਦੀ ਦੁੱਧ ਛੋਟੀ ਕਿਸਾਨੀ ਨਾਲ ਸਬੰਧਤ ਕਿਸਾਨਾਂ ਵੱਲੋਂ ਪੈਦਾ ਕੀਤਾ ਜਾਂਦਾ ਹੈ, ਜਿਸ ਦੀ ਕਮਾਈ ਨਾਲ ਉਨ੍ਹਾਂ ਦੇ ਘਰਾਂ ਦੇ ਖ਼ਰਚੇ ਚੱਲਦੇ ਹਨ। ਇਹ ਦੁੱਧ ਦੋਧੀਆਂ, ਦੁੱਧ ਦੇ ਠੇਕੇਦਾਰਾਂ, ਹਲਵਾਈਆਂ ਜਾਂ ਸ਼ਹਿਰ ਵਿਚ ਛੋਟੀਆਂ ਡੇਅਰੀਆਂ ਚਲਾਉਣ ਵਾਲਿਆਂ ਵੱਲੋਂ ਚੁੱਕਿਆ ਜਾਂਦਾ ਹੈ। ਬਾਕੀ ਬਚਦਾ 30 ਫੀਸਦੀ ਦੁੱਧ ਸਰਕਾਰੀ ਜਾਂ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਲਿਆ ਜਾਂਦਾ ਹੈ।  ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿਚ ਪੰਜਾਬ ਦਾ ਯੋਗਦਾਨ ਲੱਗਭਗ 6.7 ਫੀਸਦੀ ਹੈ। ਮੈਟਰੋ ਡੇਅਰੀ, ਨੈਸਲੇ, ਅਮੂਲ, ਮਿਲਕਫੈੱਡ, ਵੇਰਕਾ ਆਦਿ ਵੱਲੋਂ ਵੀ ਦੁੱਧ ਦੀ ਖਰੀਦ ਕੀਤੀ ਜਾਂਦੀ ਹੈ ਪਰ ਕੋਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਇਨ੍ਹਾਂ ਦੇ ਦੁੱਧ ਤੋਂ ਬਣੇ ਉਤਪਾਦ ਵੀ ਘੱਟ ਵਿਕੇ ਹਨ ਜਿਸ ਕਾਰਨ ਇਨ੍ਹਾਂ ਨੇ ਵੀ ਘੱਟ ਹੀ ਦੁੱਧ ਚੁੱਕਿਆ ਹੈ। ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਬੰਦ ਦੌਰਾਨ ਦੁੱਧ ਅਤੇ ਦੁੱਧ ਤੋਂ ਬਣਿਆ ਸਾਮਾਨ ਹੋਰਾਂ ਸੂਬਿਆਂ ਵੱਲ ਨਹੀਂ ਗਿਆ ਪਰ ਇਸ ਸਭ ਵਰਤਾਰੇ ਵਿੱਚ ਝੰਬਿਆ ਕਿਸਾਨ ਹੀ ਜਾ ਰਿਹਾ ਹੈ। ਇਸ ਕਾਰਨ ਕਿਸਾਨ ਇਸ ਕਿੱਤੇ ਤੋਂ ਮੂੰਹ ਫੇਰ ਸਕਦੇ ਹਨ, ਕਿਉਂਕਿ 2017 ਵਿੱਚ ਵੀ ਜਦੋਂ ਦੁੱਧ ਦੇ ਰੇਟ ਘਟੇ ਸਨ ਤਾਂ 30 ਫੀਸਦੀ ਕਿਸਾਨਾਂ ਨੇ ਇਹ ਧੰਦਾ ਛੱਡ ਦਿੱਤਾ ਸੀ। 

ਸਾਲ 2018-19 ਡੇਅਰੀ ਸੈਕਟਰ ਲਈ ਕੋਈ ਜ਼ਿਆਦਾ ਤਰੱਕੀ ਵਾਲਾ ਨਹੀਂ ਸੀ ਇਸ ਕਰਕੇ ਇਹ ਉਮੀਦਾਂ ਇਹ ਇਸ ਸਾਲ ਤੋਂ ਸਨ ਪਰ ਕੋਰੋਨਾ ਵਾਇਰਸ ਕਾਰਨ ਇਨ੍ਹਾਂ ਉਮੀਦਾਂ ਤੇ ਵੀ ਪਾਣੀ ਫਿਰ ਗਿਆ ਹੈ। ਸਰਕਾਰ ਨੂੰ ਕਿਰਸਾਨੀ ਵੱਲ ਵੀ ਧਿਆਨ ਦੇ ਕੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਕਿਸਾਨ ਡੇਅਰੀ ਫਾਰਮਿੰਗ ਵੱਲੋਂ ਵੀ ਘਾਟੇ ਵਿੱਚ ਜਾ ਰਹੇ ਹਨ ਅਤੇ ਦੂਜੀ ਵੱਡੀ ਚਿੰਤਾ ਝੋਨੇ ਦੀ ਲਵਾਈ ਵਾਲੀ ਵੀ ਹੈ, ਕਿਉਂਕਿ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਨੂੰ ਚਲੇ ਗਏ ਹਨ। ਹੁਣ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਅਪਣਾ ਰਹੇ ਹਨ ਜੋ ਮਜ਼ਦੂਰ ਨਾ ਹੋਣ ਦੀ ਚਿੰਤਾ ਤੋਂ ਨਿਜਾਤ ਦਿਵਾਏਗੀ ਪਰ ਡੇਅਰੀ ਫਾਰਮਿੰਗ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਸਬੰਧੀ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur