ਤਰਨਤਾਰਨ ਦੇ ਨਤੀਜਿਆਂ ਤੋਂ ਸਾਫ਼ ਹੋਵੇਗਾ 2027 ਦਾ ਰਾਹ
Friday, Nov 14, 2025 - 10:19 AM (IST)
ਜਲੰਧਰ (ਅਨਿਲ ਪਾਹਵਾ)– ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਤਰਨਤਾਰਨ ’ਚ ਬੀਤੇ ਦਿਨ ਉਪ-ਚੋਣ ਹੋਈ ਹੈ ਅਤੇ ਅੱਜ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਵੀ ਹੋ ਚੁੱਕੇ ਹਨ। ਇਹ ਚੋਣ ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਲਈ ਅਹਿਮ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਲਈ ਵੀ ਚੁਣੌਤੀ ਭਰੀ ਹੈ। ਇਸ ਚੋਣ ਵਿਚ ‘ਵਾਰਿਸ ਪੰਜਾਬ ਦੇ’ ਪਾਰਟੀ ਵੱਲੋਂ ਵੀ ਜ਼ੋਰ-ਅਜ਼ਮਾਇਸ਼ ਕੀਤੀ ਗਈ ਹੈ ਤਾਂ ਉਸ ਦੇ ਲਈ ਵੀ ਇਹ ਓਨੀ ਹੀ ਅਹਿਮ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਚੋਣ ਨੂੰ ਸੂਬੇ ਦੀਆਂ ਸਿਆਸੀ ਪਾਰਟੀਆਂ ਲਈ ਮਿਡ ਟਰਮ ਰਿਪੋਰਟ ਕਾਰਡ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਚੋਣ ਨਤੀਜੇ ਨਾਲ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਕੌਣ ਕਿੰਨੇ ਪਾਣੀ ਵਿਚ ਹੈ।
ਮਿੰਨੀ ਰਣਭੂਮੀ ਨਾਲੋਂ ਘੱਟ ਨਹੀਂ ਸੀ ਤਰਨਤਾਰਨ ਦੀ ਚੋਣ
2027 ਦੀ ਸੱਤਾ ਦੀ ਚਕਾਚੌਂਧ ਕਿਸ ਨੂੰ ਨਸੀਬ ਹੋਵੇਗੀ, ਇਸ ਬਾਰੇ ਕਾਫੀ ਹੱਦ ਤਕ ਇਹ ਚੋਣ ਨਤੀਜਾ ਦੱਸ ਦੇਵੇਗਾ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਮੁਫਤ ਬਿਜਲੀ, ਮੁਹੱਲਾ ਕਲੀਨਿਕ, ਸਰਕਾਰੀ ਸਕੂਲਾਂ ਵਿਚ ਸਹੂਲਤਾਂ ਦੇ ਨਾਂ ’ਤੇ ਵੋਟਾਂ ਮੰਗਦੀ ਨਜ਼ਰ ਆਈ, ਉੱਥੇ ਹੀ ਇਹ ਸਾਰੇ ਫੈਕਟਰ ਹੁਣ ਤਕ ਦੀਆਂ ਸੂਬੇ ਦੀਆਂ ਉਪ-ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਸਰਕਾਰ ਹੁਣ ਵੀ ਚਾਹੇਗੀ ਕਿ ਉਸ ਨੂੰ ਮਿਡ ਟਰਮ ਰਿਪੋਰਟ ਕਾਰਡ ’ਚ ਚੰਗੇ ਨੰਬਰ ਮਿਲਣ।
ਪੰਜਾਬ ’ਚ ਉਂਝ ਜਿੰਨੀਆਂ ਵੀ ਉਪ-ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡੀ ਪਰ ਇਸ ਚੋਣ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਪਹਿਲਾਂ ਨਾਲੋਂ ਵੱਧ ਤਵੱਜੋ ਦਿੱਤੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਤਰਨਤਾਰਨ ਨੂੰ ਪੰਜਾਬ ਚੋਣਾਂ ਦੀ ਮਿੰਨੀ ਰਣਭੂਮੀ ਬਣਾ ਦਿੱਤਾ ਗਿਆ। ਡੋਰ-ਟੂ-ਡੋਰ ਕੰਪੇਨ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਹਰ ਜਗ੍ਹਾ ਪਾਰਟੀ ਨੂੰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਇਸ ਵਾਰ ਦਾ ਚੋਣ ਮਾਹੌਲ ਕੁਝ ਵੱਖਰਾ
ਜੇ ਇਸ ਚੋਣ ਵਿਚ ਆਮ ਆਦਮੀ ਪਾਰਟੀ ਸਫਲ ਰਹਿੰਦੀ ਹੈ ਤਾਂ 2027 ’ਚ ਸੱਤਾ ਵਿਚ ਮੁੜ ਆਉਣ ਦਾ ਉਸ ਦਾ ਸੁਪਨਾ ਕੁਝ ਹੱਦ ਤਕ ਬਰਕਰਾਰ ਰਹਿਣ ਦੀ ਸੰਭਾਵਨਾ ਬਣ ਜਾਵੇਗੀ। ਉਂਝ ਤਾਂ ਲੁਧਿਆਣਾ ਤੇ ਜਲੰਧਰ ਵਿਚ ਵੀ ਕੁਝ ਸਮਾਂ ਪਹਿਲਾਂ ਹੀ ਉਪ-ਚੋਣਾਂ ਹੋਈਆਂ ਹਨ ਪਰ ਤਰਨਤਾਰਨ ’ਚ ਚੋਣ ਮਾਹੌਲ ਕੁਝ ਵੱਖਰਾ ਹੈ। ਇਸ ਸੀਟ ’ਤੇ ਜੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਤਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਵਰਗੀਆਂ ਪਾਰਟੀਆਂ ਵੀ ਪੂਰਾ ਦਬਦਬਾ ਰੱਖਦੀਆਂ ਹਨ।
ਸਾਰੀਆਂ ਪਾਰਟੀਆਂ ਲਈ ਅਗਨੀ ਪ੍ਰੀਖਿਆ
ਜੇ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਸ ਨਾਲ ਇਕ ਹੋਰ ਸੁਨੇਹਾ ਪੂਰੇ ਪੰਜਾਬ ਵਿਚ ਜਾਵੇਗਾ ਕਿ ਅਜੇ ਵੀ ਪਾਰਟੀ ਜ਼ਮੀਨੀ ਪੱਧਰ ’ਤੇ ਮਜ਼ਬੂਤ ਹੈ ਅਤੇ ਉਸ ਵੱਲੋਂ ਦਿੱਤੀਆਂ ਜਾ ਰਹੀਆਂ ਯੋਜਨਾਵਾਂ ਅਜੇ ਵੀ ਕੰਮ ਕਰ ਰਹੀਆਂ ਹਨ। ਦੂਜੇ ਪਾਸੇ ਇਹ ਸੁਨੇਹਾ ਵੀ ਜਾਵੇਗਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਨੂੰ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ। ਬੇਸ਼ੱਕ ਕੁਝ ਮਾਮਲਿਆਂ ਵਿਚ ਅਕਾਲੀ ਦਲ ਨੂੰ ਪਿਛਲੇ ਦਿਨੀਂ ਸਫਲਤਾ ਮਿਲਦੀ ਨਜ਼ਰ ਆਈ ਪਰ ਚੋਣ ਮੈਦਾਨ ਵਿਚ ਅਜੇ ਵੀ ਸਭ ਕੁਝ ਇੰਨਾ ਆਸਾਨ ਨਹੀਂ। ਇਸ ਦੇ ਨਾਲ ਹੀ ਇਹ ਸੁਨੇਹਾ ਵੀ ਵੇਖਿਆ ਜਾ ਸਕਦਾ ਹੈ ਕਿ ਪੰਜਾਬ ’ਚ ‘ਵਾਰਿਸ ਪੰਜਾਬ ਦੇ’ ਵਰਗੇ ਸੰਗਠਨਾਂ ਨੂੰ ਸਿਰਫ ਖਾਸ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਸਾਰੇ ਵਰਗਾਂ ਵਿਚ ਦਬਦਬਾ ਬਣਾਉਣਾ ਪਵੇਗਾ।
2022 ਦੀਆਂ ਚੋਣਾਂ ’ਚ ਕਾਂਗਰਸ ਦੇ ਵੋਟ ਬੈਂਕ ’ਚ ਹੋਈ ਸੀ ਘੁਸਪੈਠ
ਪੰਜਾਬ ’ਚ ਤਰਨਤਾਰਨ ਸੀਟ ’ਤੇ ਜੇ 2022 ਦੇ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਲੱਗਭਗ 13,000 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਲਾਕੇ ਵਿਚ 40 ਫੀਸਦੀ ਵੋਟਾਂ ਹਾਸਲ ਹੋਈਆਂ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ’ਤੇ ਰਿਹਾ ਅਤੇ ਉਸ ਨੂੰ 30 ਫੀਸਦੀ ਵੋਟਾਂ ਮਿਲੀਆਂ। ਇਸ ਵਿਚ ਦਿਲਚਸਪ ਗੱਲ ਇਹ ਰਹੀ ਕਿ ਕਾਂਗਰਸ ਤੀਜੇ ਨੰਬਰ ’ਤੇ ਸੀ ਅਤੇ ਉਸ ਨੂੰ 20 ਫੀਸਦੀ ਵੋਟਾਂ ਮਿਲੀਆਂ ਸਨ।ਤਰਨਤਾਰਨ ’ਚ 2022 ਦੇ ਚੋਣ ਨਤੀਜਿਆਂ ਵਿਚ ਇਹ ਗੱਲ ਵੇਖਣ ਨੂੰ ਮਿਲੀ ਸੀ ਕਿ ਕਾਂਗਰਸ ਨੂੰ ਇਸ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਅਤੇ ਉਸ ਦਾ ਲੱਗਭਗ 24 ਫੀਸਦੀ ਵੋਟ ਬੈਂਕ ਉਸ ਨਾਲੋਂ ਕੱਟ ਕੇ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਿਆ ਸੀ। ਇਸ ਵਾਰ ਕਾਂਗਰਸ ਦੀ ਕੀ ਹਾਲਤ ਹੁੰਦੀ ਹੈ, ਇਹ ਸ਼ੁੱਕਰਵਾਰ ਦੇ ਨਤੀਜੇ ਦੱਸ ਦੇਣਗੇ। ਕਾਂਗਰਸ ਲਈ ਇਹ ਸੀਟ ਇਸ ਲਈ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ 2017 ਦੀਆਂ ਚੋਣਾਂ ਵਿਚ ਇੱਥੇ ਕਾਂਗਰਸ ਜਿੱਤੀ ਸੀ ਅਤੇ ਉਸ ਨੂੰ 45 ਫੀਸਦੀ ਵੋਟਾਂ ਮਿਲੀਆਂ ਸਨ ਪਰ 2022 ਦੀਆਂ ਚੋਣਾਂ ਵਿਚ ਕਾਂਗਰਸ ਤੀਜੇ ਨੰਬਰ ’ਤੇ ਖਿਸਕ ਗਈ ਸੀ।
