ਮੁਸਲਿਮ ਜਮਾਤ ਦੇ ਸੰਪਰਕ ''ਚ ਆਏ 24 ਦੇ ਲਏ ਸਨ ਨਮੂਨੇ, ਸਾਰੇ ਤੰਦਰੁਸਤ : ਸਿਵਲ ਸਰਜਨ
Monday, Apr 06, 2020 - 03:19 PM (IST)
ਬੁਢਲਾਡਾ (ਮਨਜੀਤ)— ਸਥਾਨਕ ਸ਼ਹਿਰ ਦੀ ਇੱਕ ਮਸਜਿਦ 'ਚ ਨਿਜ਼ਾਮੁਦੀਨ ਦਿੱਲੀ ਤੋਂ ਆਈ ਮੁਸਲਿਮ ਜਮਾਤ ਦੇ ਲਗਭਗ 10 ਦੇ ਕਰੀਬ ਵਿਅਕਤੀਆਂ 'ਚੋਂ 3 ਪਾਜ਼ੀਟਿਵ ਆਉਣ ਤੋਂ ਬਾਅਦ ਜਿੱਥੇ ਸ਼ਹਿਰ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ 'ਚ ਸ਼ਨਾਟਾ ਛਾ ਗਿਆ ਹੈ। ਉੱਥੇ ਹੀ ਸਿਹਤ ਵਿਭਾਗ ਵੱਲੋਂ ਇਨ੍ਹਾਂ 3 ਪਾਜ਼ੀਟਿਵ ਵਿਅਕਤੀਆਂ ਦੇ ਸੰਪਰਕ 'ਚ ਆਏ ਪਹਿਲੇ ਦਿਨ ਅਤੇ ਦੂਜੇ ਦਿਨ 24 ਵਿਅਕਤੀਆਂ ਦੇ ਸੈਂਪਲ ਲੈਣ ਦਾ ਸਿਲਸਿਲਾ ਜਾਰੀ ਰਿਹਾ।
ਇਨ੍ਹਾਂ ਦੇ ਸੰਪਰਕ 'ਚ ਆਏ 24 ਵਿਅਕਤੀਆਂ ਦੇ ਨਮੂਨੇ ਲੈਣ ਤੋ ਬਾਅਦ ਉਨ੍ਹਾਂ ਦਾ ਇਕਾਂਤਵਾਸ ਸਥਾਨਕ ਸ਼ਹਿਰ ਦੀ ਆਈ. ਟੀ. ਆਈ. ਵਿਖੇ ਕਰ ਦਿੱਤਾ ਹੈ, ਜਿੱਥੇ ਉਨ੍ਹਾਂ ਨੂੰ ਸਵੇਰੇ-ਸ਼ਾਮ ਪ੍ਰਸ਼ਾਸ਼ਨ ਵੱਲੋਂ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਉਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਿਵਲ ਸਰਜਨ ਲਾਲ ਚੰਦ ਠੁਕਰਾਲ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਨਿਜ਼ਾਮੁਦੀਨ ਦਿੱਲੀ ਤੋਂ ਆਏ ਮੁਸਲਿਮ ਭਾਈਚਾਰੇ ਦੇ 3 ਪਾਜ਼ੀਟਿਵ ਕੇਸਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਹੁਣ ਤੱਕ 24 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜੋ ਕਿ ਤੰਦਰੁਸਤ ਹਨ। ਉਨ੍ਹਾਂ ਦਾ ਸਮੇਂ-ਸਮੇਂ 'ਤੇ ਚੈੱਕਅਪ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਪਰਕ 'ਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ, ਉਹ ਸਿਹਤ ਵਿਭਾਗ ਨਾਲ ਸੰਪਰਕ ਬਣਾ ਕੇ ਸੈਂਪਲ ਦੇਣ ਤਾਂ ਜੋ ਇਹ ਬਿਮਾਰੀ ਅੱਗੇ ਨਾ ਪੈਰ ਪਸਾਰ ਸਕੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ। ਇਹ ਸਾਰੇ ਤੰਦਰੁਸਤ ਹਨ, ਇਨ੍ਹਾਂ ਦੇ ਸਿਰਫ ਚੈੱਕਅਪ ਲਈ ਸੈਂਪਲ ਲਏ ਗਏ ਹਨ ਤਾਂ ਕਿ ਪਤਾ ਲੱਗ ਸਕੇ ਕਿ ਇਹ ਬੀਮਾਰੀ ਅੱਗੇ ਤਾਂ ਨਹੀਂ ਫੈਲ ਰਹੀ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੇਰ ਰਾਤ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਨਮੂਨੇ ਲੈਣਾ ਸਿਹਤ ਵਿਭਾਗ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਇਹੀ ਭਲਾਈ ਹੈ ਕਿ ਜ਼ਿਲਾ ਵਾਸੀ ਆਪਣੇ ਘਰਾਂ ਵਿੱਚ ਸ਼ੋਸ਼ਲ ਡਿਸਟੈਂਸ ਨਾਲ ਰਹਿ ਕੇ ਕਾਮਨਾ ਕਰਨ ਕਿ ਛੇਤੀ ਤੋਂ ਛੇਤੀ ਇਸ ਭਿਆਨਕ ਬੀਮਾਰੀ ਦਾ ਖਾਤਮਾ ਹੋ ਸਕੇ।