ਪੰਜਾਬ ''ਚ ਗੋਵਰਧਨ ਪੂਜਾ ਮਗਰੋਂ ਗਊ ਦੀ ਬੇਰਹਿਮੀ ਨਾਲ ਕੁੱਟ-ਕੱਟ ਕੇ ਹੱਤਿਆ
Wednesday, Nov 06, 2024 - 02:24 PM (IST)
ਭਵਾਨੀਗੜ੍ਹ (ਕਾਂਸਲ)- ਗੋਵਰਧਨ ਪੂਜਾ ਤੋਂ ਦੋ ਦਿਨਾਂ ਬਾਅਦ ਹੀ ਸਥਾਨਕ ਸ਼ਹਿਰ ਦੇ ਅਜੀਤ ਨਗਰ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਨੌਕਰਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਇਕ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੰਦਿਆਂ ਕੁੱਟ-ਕੁੱਟ ਕੇ ਇਕ ਬੇਸਹਾਰਾ ਗਊ ਦੀ ਹੱਤਿਆ ਕਰ ਦੇਣ ਦੇ ਦੋਸ਼ ਹੇਠ ਪੁਲਸ ਵੱਲੋਂ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਦਵਿੰਦਰ ਦਾਸ ਨੇ ਦੱਸਿਆ ਕਿ ਪੁਲਸ ਨੂੰ ਬੁਧ ਸਿੰਘ ਪੁੱਤਰ ਹਰੀ ਸਿੰਘ ਵਾਸੀ ਅਜੀਤ ਨਗਰ ਨੇ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਘਰ ਦੇ ਸਾਹਮਣੇ ਸਥਿਤ ਇਕ ਪਲਾਟ ’ਚ ਰਾਜ ਕੁਮਾਰ ਅਤੇ ਉਸ ਦੇ ਨੌਕਰ ਸ਼ੰਕਰ ਨੇ ਕਥਿਤ ਤੌਰ ’ਤੇ ਇਕ ਹੋਰ ਨਾਮਲੂਮ ਵਿਅਕਤੀ ਨਾਲ ਮਿਲ ਪਲਾਟ ’ਚ ਵੜੀ ਇਕ ਬੇਸਹਾਰਾ ਗਊ ਦੀ ਡੰਡੇ ਤੇ ਬਾਲੇ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਗਊ ਨੂੰ ਆਪਣੇ ਕਬਜ਼ੇ ’ਚ ਲੈ ਕੇ ਗਊ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤਾ ਹੈ ਅਤੇ ਪੁਲਸ ਨੂੰ ਬੁੱਧ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ’ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ 'ਚ ਪੁੱਜਾ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ
ਇਸ ਘਟਨਾ ਸਬੰਧੀ ਰੋਸ ਜ਼ਾਹਿਰ ਕਰਦਿਆਂ ਜੀਵਨ ਗਰਗ ਡਾਇਰੈਕਟਰ ਐੱਫ਼. ਸੀ. ਆਈ., ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ, ਰਾਣੀ ਕੌਰ ਤੇ ਸਮਸਾਦ ਖਾਨ ਨੇ ਕਿਹਾ ਕਿ ਗਊ ਸਾਡੇ ਦੇਸ਼ ਦਾ ਰਾਸ਼ਟਰੀ ਪਸ਼ੂ ਹੈ ਤੇ ਪੂਰੇ ਦੇਸ਼ ’ਚ ਗਊਆਂ ਦੀ ਬਹੁਤ ਹੀ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ, ਜਿਸ ਤਹਿਤ ਹੀ ਦੋ ਦਿਨ ਪਹਿਲਾਂ ਹੀ ਗੋਵਰਧਨ ਪੂਜਾ ਵਾਲੇ ਦਿਨਾਂ ਲੋਕਾਂ ਵੱਲੋਂ ਗਊਆਂ ਦੀ ਪੂਜਾ ਕੀਤੀ ਗਈ। ਇਨ੍ਹਾਂ ਵਿਅਕਤੀਆਂ ਵੱਲੋਂ ਇਸ ਤਰ੍ਹਾਂ ਗਊ ਹੱਤਿਆ ਕਰ ਕੇ ਵੱਡਾ ਪਾਪ ਕੀਤਾ ਹੈ।
ਉਨ੍ਹਾਂ ਇਹ ਵੀ ਰੋਸ ਜ਼ਾਹਿਰ ਕੀਤਾ ਕਿ ਸ਼ਹਿਰ ਤੇ ਇਲਾਕੇ ’ਚ ਵੱਡੀ ਗਿਣਤੀ ’ਚ ਗਊਵੰਸ਼ ਬੇਸਹਾਰਾ ਘੁੰਮ ਰਿਹਾ ਹੈ, ਜਿਸ ਕਾਰਨ ਆਏ ਦਿਨ ਜਿਥੇ ਇਥੇ ਹਾਦਸੇ ਵੀ ਵਾਪਰ ਰਹੇ ਹਨ ਉਥੇ ਸਾਡੇ ਇਹ ਬੇਜੁਬਾਨ ਪਸ਼ੂ ਇਸ ਤਰ੍ਹਾਂ ਦੇ ਲੋਕਾਂ ਦੀ ਬੇਰੁੱਖੀ ਦਾ ਸ਼ਿਕਾਰ ਵੀ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ’ਚ ਘੁੰਮ ਰਹੇ ਬੇਸਹਾਰਾ ਗਊਵੰਸ਼ ਨੂੰ ਤੁਰੰਤ ਝਨੇੜੀ ਦੀ ਸਰਕਾਰੀ ਗਊਸ਼ਾਲਾਂ ’ਚ ਸਰਨ ਦਿੱਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8