ਪੰਜਾਬ ''ਚ ਫ਼ਿਰ ਆ ਗਏ ''ਕਾਲੇ ਕੱਛਿਆਂ ਵਾਲੇ''! ਇਸ ਇਲਾਕੇ ''ਚ ਲਗਾਤਾਰ ਹੋ ਰਹੀਆਂ ਵਾਰਦਾਤਾਂ, ਸਾਹਮਣੇ ਆਈ ਵੀਡੀਓ
Friday, Aug 14, 2026 - 02:20 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਪੋਸ਼ ਇਲਾਕੇ ਅਗਰ ਨਗਰ, ਰਾਮ ਬਾਗ ਏਰੀਆ ਵਿਚ ਕਾਲਾ ਕੱਛਾ ਗਿਰੋਹ ਦੇ ਸਰਗਰਮ ਹੋਣ ਦੀ ਆਸ਼ੰਕਾ ਨਾਲ ਇਲਾਕਾ ਨਿਵਾਸੀਆਂ ਵਿਚ ਭਾਰੀ ਖੌਫ਼ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੇ ਅੰਦਰ ਲਗਾਤਾਰ ਇੱਕ ਤੋਂ ਬਾਅਦ ਇੱਕ ਲਗਭਗ ਇੱਕ ਦਰਜਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਪੁਲਸ ਨੂੰ ਸੌਂਪੀ ਗਈ ਹੈ। ਹਾਲ ਹੀ ਵਿਚ ਸਾਹਮਣੇ ਆਈ ਤਾਜ਼ਾ ਫੁਟੇਜ ਨੂੰ ਦੇਖ ਕੇ ਇਹ ਸਾਫ਼ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਲਾਕੇ ਵਿਚ ਕਾਲਾ ਕੱਛਾ ਗਿਰੋਹ ਹੀ ਸਰਗਰਮ ਹੋ ਸਕਦਾ ਹੈ। ਫੁਟੇਜ ਵਿਚ ਚਾਰ ਤੋਂ ਪੰਜ ਸ਼ੱਕੀ ਨੌਜਵਾਨ ਕਾਲੇ ਰੰਗ ਦੇ ਕੱਛੇ ਪਹਿਨੇ ਘੁੰਮਦੇ ਨਜ਼ਰ ਆ ਰਹੇ ਹਨ, ਜੋ ਕਿਸੇ ਵੱਡੀ ਅਪਰਾਧਿਕ ਵਾਰਦਾਤ ਵੱਲ ਇਸ਼ਾਰਾ ਕਰ ਰਹੇ ਹਨ। ਹਾਲਾਂਕਿ, ਇਸ ਦੇ ਬਾਵਜੂਦ ਪੁਲਸ ਇਸ ਨੂੰ ਬੇਹੱਦ ਮਾਮੂਲੀ ਮਾਮਲਾ ਮੰਨ ਕੇ ਟਾਲਮਟੋਲ ਕਰ ਰਹੀ ਹੈ ਅਤੇ ਸ਼ਿਕਾਇਤ ਦੇਣ ''ਤੇ ਕਹਿ ਰਹੀ ਹੈ ਕਿ ਜੇਕਰ ਕੋਰਟ-ਕਚਹਿਰੀ ਦੇ ਗੇੜੇ ਮਾਰ ਸਕਦੇ ਹੋ ਤਾਂ ਹੀ ਸ਼ਿਕਾਇਤ ਦਿਓ। ਜਦੋਂ ਲੋਕ ਇਸ ਸਬੰਧੀ ਏ.ਸੀ.ਪੀ. ਨੂੰ ਮਿਲੇ ਤਾਂ ਜਾ ਕੇ ਉਨ੍ਹਾਂ ਦੀ ਸੁਣਵਾਈ ਹੋਈ। ਉਨ੍ਹਾਂ ਨੇ ਤੁਰੰਤ ਚੌਕੀ ਪੁਲਸ ਨੂੰ ਕਾਰਵਾਈ ਕਰਨ ਅਤੇ ਜਾਂਚ ਦੇ ਆਦੇਸ਼ ਦਿੱਤੇ।
ਘਰ ਦੇ ਅੰਦਰ ਘੁੰਮ ਰਿਹਾ ਸੀ ਚੋਰ, ਗ੍ਰਿਲ ਉਖਾੜ ਕੇ ਸੋਫ਼ੇ ਨਾਲ ਬੰਦ ਕੀਤਾ ਸੀ ਰਸਤਾ
ਤਾਜ਼ਾ ਮਾਮਲਾ ਅਗਰ ਨਗਰ ਏ-ਬਲਾਕ ਰਾਮ ਬਾਗ ਏਰੀਆ ਸਥਿਤ ਇਕ ਕੋਠੀ ਦਾ ਹੈ। ਪੀੜਤ ਪਰਿਵਾਰ ਦੇ ਯੋਗੇਸ਼ ਗੁਪਤਾ ਨੇ ਦੱਸਿਆ ਕਿ ਘਟਨਾ ਬੀਤੇ ਸ਼ੁੱਕਰਵਾਰ ਦੀ ਹੈ। ਉਸ ਦੇ ਬੇਟੇ ਨੇ ਆਪਣੇ ਕਮਰੇ ਤੋਂ ਕਾਲ ਕਰਕੇ ਦੱਸਿਆ ਕਿ ਘਰ ਦੇ ਅੰਦਰੋਂ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ, ਤਾਂ ਅੰਦਰ ਇੱਕ ਅਣਪਛਾਤਾ ਨੌਜਵਾਨ ਬੇਖ਼ੌਫ਼ ਹੋ ਕੇ ਘੁੰਮ ਰਿਹਾ ਸੀ। ਉਸ ਨੇ ਉੱਪਰ ਟੀ-ਸ਼ਰਟ ਪਾਈ ਹੋਈ ਸੀ ਅਤੇ ਹੇਠਾਂ ਕਾਲੇ ਰੰਗ ਦਾ ਕੱਛਾ ਪਹਿਨਿਆ ਹੋਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਨੇ ਮਫ਼ਲਰ ਨਾਲ ਚਿਹਰਾ ਢੱਕਿਆ ਹੋਇਆ ਸੀ ਤਾਂ ਜੋ ਪਛਾਣ ਨਾ ਹੋ ਸਕੇ। ਮਕਾਨ ਮਾਲਕ ਨੂੰ ਦੇਖਦੇ ਹੀ ਨੌਜਵਾਨ ਬਾਹਰ ਵੱਲ ਭੱਜ ਗਿਆ। ਜਾਂਚ ਕਰਨ ''ਤੇ ਪਤਾ ਲੱਗਾ ਕਿ ਚੋਰਾਂ ਨੇ ਘਰ ਦੀ ਗ੍ਰਿਲ ਤੱਕ ਉਖਾੜ ਦਿੱਤੀ ਸੀ ਅਤੇ ਕਮਰੇ ਦੇ ਬਾਹਰ ਸੋਫ਼ੇ ਲਗਾ ਦਿੱਤੇ ਸਨ, ਤਾਂ ਜੋ ਅੰਦਰ ਮੌਜੂਦ ਲੋਕ ਬਾਹਰ ਨਾ ਨਿਕਲ ਸਕਣ। ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਹ ਇੱਕ ਨਹੀਂ ਸੀ, ਬਲਕਿ ਉਸ ਦੇ ਬਾਕੀ ਸਾਥੀ ਵੀ ਸਨ। ਉਨ੍ਹਾਂ ਦੇ ਗਿਰੋਹ ਵਿੱਚ ਚਾਰ ਤੋਂ ਪੰਜ ਨੌਜਵਾਨ ਸਨ, ਜੋ ਬਾਹਰ ਖੜ੍ਹੇ ਸਨ ਅਤੇ ਆਵਾਜ਼ ਸੁਣ ਕੇ ਭੱਜ ਨਿਕਲੇ।
ਪੁਲਸ ਦੀ ਸੰਵੇਦਨਹੀਣਤਾ, ਬੋਲੀ— ਕੋਰਟ-ਕਚਹਿਰੀ ਦੇ ਗੇੜੇ ਮਾਰ ਸਕਦੇ ਹੋ ਤਾਂ ਹੀ ਦਿਓ ਸ਼ਿਕਾਇਤ
ਇਹ ਪੂਰਾ ਮਾਮਲਾ ਥਾਣਾ ਸਰਾਭਾ ਨਗਰ ਦੇ ਅਧੀਨ ਆਉਂਦੀ ਚੌਕੀ ਰਘੁਨਾਥ ਏਨਕਲੇਵ ਦਾ ਹੈ। ਰਾਮਬਾਗ ਦੇ ਰਹਿਣ ਵਾਲੇ ਯੋਗੇਸ਼ ਗੁਪਤਾ, ਸੁਨੀਲ ਗੋਇਲ, ਰਾਜਕੁਮਾਰ ਜਿੰਦਲ, ਪੁਨੀਤ ਖੰਨਾ, ਦਲਜੀਤ ਸਿੰਘ, ਭੂਸ਼ਣ ਗੁਪਤਾ ਅਤੇ ਭੂਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਤਾਂ ਪੁਲਸ ਮੁਲਾਜ਼ਮ ਮਦਦ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਡਰਾਉਣ ਲੱਗੇ ਸਨ। ਪੁਲਸ ਮੁਲਾਜ਼ਮ ਕਹਿੰਦੇ ਸਨ ਕਿ ਜੇਕਰ ਕੋਰਟ-ਕਚਹਿਰੀਆਂ ਦੇ ਗੇੜੇ ਮਾਰ ਸਕਦੇ ਹੋ, ਤਾਂ ਹੀ ਸ਼ਿਕਾਇਤ ਦੇਣਾ। ਸਥਾਨਕ ਲੋਕਾਂ ਨੇ ਪੁਲਸ ਦੀ ਕਾਰਜਪ੍ਰਣਾਲੀ ''ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਸ ਖ਼ੁਦ ਇਹ ਮੰਨਦੀ ਹੈ ਕਿ ਇਹ ਗਿਰੋਹ ਕਾਫ਼ੀ ਸਮੇਂ ਤੋਂ ਇਸ ਇਲਾਕੇ ਵਿਚ ਐਕਟਿਵ ਹੈ ਅਤੇ ਉਨ੍ਹਾਂ ਦੇ ਹੱਥ ਨਹੀਂ ਆ ਰਿਹਾ। ਇਸ ਦੇ ਬਾਵਜੂਦ ਪੁਲਸ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਮਾਮੂਲੀ ਘਟਨਾ ਮੰਨ ਕੇ ਢਿੱਲ ਵਰਤ ਰਹੀ ਸੀ। ਦੂਜੇ ਪਾਸੇ, ਜਦੋਂ ਉਹ ਸਾਰੇ ਇਕੱਠੇ ਹੋ ਕੇ ਇਸ ਸਬੰਧੀ ਏ.ਸੀ.ਪੀ. (ਵੈਸਟ) ਨਾਲ ਮਿਲੇ ਅਤੇ ਸਾਰੀ ਘਟਨਾ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਗੱਲ ਸੁਣਨ ਤੋਂ ਤੁਰੰਤ ਬਾਅਦ ਚੌਕੀ ਪੁਲਸ ਨੂੰ ਕਾਰਵਾਈ ਦੀ ਹਦਾਇਤ ਦਿੱਤੀ ਹੈ ਅਤੇ ਉਨ੍ਹਾਂ ਨੂੰ ਜਲਦ ਕਾਰਵਾਈ ਦਾ ਭਰੋਸਾ ਵੀ ਦਿਵਾਇਆ ਹੈ।
