ਕੈਪਟਨ ਵਜ਼ਾਰਤ 'ਚ ਸ਼ਾਮਲ ਹੋਏ 11 ਵਜ਼ੀਰ, ਮਾਂ ਬੋਲੀ 'ਚ ਚੁੱਕੀ ਸਹੁੰ

04/22/2018 1:24:57 AM

ਚੰਡੀਗੜ੍ਹ (ਮਨਮੋਹਨ ਸਿੰਘ) — ਪਿਛਲੇ ਲੰਮੇ ਸਮੇਂ ਤੋਂ ਲਟਕੇ ਆ ਰਹੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਆਖਿਰ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਰੱਖੇ ਗਏ ਸਮਾਗਮ ਦੌਰਾਨ ਰਾਜਪਾਲ ਬੀ. ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਅਗਵਾਈ ਵਿਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ।
ਇਸ ਪ੍ਰੋਗਰਾਮ ਦੌਰਾਨ ਨਵੇਂ ਚੁਣੇ ਗਏ 9 ਕੈਬਨਿਟ ਮੰਤਰੀਆਂ ਸਣੇ ਕੁੱਲ 11 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਸਭ ਤੋਂ ਪਹਿਲਾਂ ਓ. ਪੀ. ਸੋਨੀ ਨੇ ਅਹੁਦੇ ਦੀ ਸਹੁੰ ਚੁੱਕੀ। ਫਿਰ ਰਾਣਾ ਸੋਢੀ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਸੁਖਜਿੰਦਰ ਰੰਧਾਵਾ, ਗੁਰਪ੍ਰੀਤ ਕਾਂਗੜ, ਸੁਖਜਿੰਦਰ ਸਿੰਘ ਸਰਕਾਰੀਆ, ਬਲਬੀਰ ਸਿੰਘ ਸੰਧੂ, ਵਿਜੇ ਇੰਦਰ ਸਿੰਗਲਾ, ਸ਼ਾਮ ਸੁੰਦਰ ਅਰੋੜਾ, ਭਾਰਤ ਭੂਸ਼ਣ ਆਸ਼ੂ ਨੇ ਸਹੁੰ ਚੁੱਕੀ। ਇਸ ਸਮਾਗਮ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ ਸਾਰੇ ਮੰਤਰੀਆਂ ਸਹੁੰ ਪੰਜਾਬੀ ਵਿਚ ਚੁੱਕੀ।

ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ ਰਾਜ ਭਵਨ 'ਚ ਹੋਏ ਸਮਾਰੋਹ ਦੌਰਾਨ 11 ਨਵੇਂ ਕੈਬਨਿਟ ਮੰਤਰੀਆਂ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਕੈਪਟਨ ਸਰਕਾਰ ਦੇ ਚਾਰਜ ਸੰਭਾਲਣ ਬਾਅਦ 13 ਮਹੀਨਿਆਂ ਬਾਅਦ ਇਹ ਵਿਸਤਾਰ ਹੋਣ ਨਾਲ ਹੁਣ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ ਮੁਕੰਮਲ ਹੋਈ ਹੈ। ਰਾਣਾ ਗੁਰਜੀਤ ਨੂੰ ਹਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਗਿਣਤੀ 9 ਰਹਿ ਗਈ ਸੀ, ਜੋ ਹੁਣ 18 ਹੋ ਗਈ ਹੈ। 2 ਮਹਿਲਾ ਰਾਜ ਮੰਤਰੀਆਂ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਇਸ ਤਰ੍ਹਾਂ ਅੱਜ ਇਨ੍ਹਾਂ ਦੋਵਾਂ ਨੇ ਵੀ ਦੁਬਾਰਾ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸੇ ਤਰ੍ਹਾਂ ਹੋਰ ਨਵੇਂ 9 ਮੰਤਰੀਆਂ ਨੂੰ ਮਿਲਾ ਕੇ ਕੁੱਲ 11 ਕੈਬਨਿਟ ਮੰਤਰੀਆਂ ਨੂੰ ਅੱਜ ਸਹੁੰ ਚੁਕਾਈ ਗਈ ਹੈ। 
ਅੱਜ ਜਿਨ੍ਹਾਂ 9 ਹੋਰ ਮੰਤਰੀਆਂ ਨੂੰ ਰਾਜਪਾਲ ਨੇ ਸਹੁੰ ਚੁਕਾਈ, ਉਨ੍ਹਾਂ ਵਿਚ ਅੰਮ੍ਰਿਤਸਰ ਤੋਂ ਓ. ਪੀ. ਸੋਨੀ, ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਰਾਜਾਸਾਂਸੀ ਤੋਂ ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਮੋਹਾਲੀ ਤੋਂ ਬਲਬੀਰ ਸਿੰਘ ਸਿੱਧੂ, ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ ਤੇ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੁੱਖ ਮੰਤਰੀ ਦੀ ਹਾਜ਼ਰੀ 'ਚ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਭਾਵੇਂ ਅੰਗਰੇਜ਼ੀ ਵਿਚ ਚਲਾਈ ਪਰ ਜ਼ਿਕਰਯੋਗ ਗੱਲ ਇਹ ਹੈ ਕਿ ਸਾਰੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁੱਕੀ। ਸੀਨੀਓਰਿਟੀ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਨੰਬਰ ਇਕ 'ਤੇ ਓ.ਪੀ. ਸੋਨੀ ਨੇ ਤੇ ਸਭ ਤੋਂ ਅਖੀਰ 'ਚ ਲੁਧਿਆਣਾ ਦੇ ਭਾਰਤ ਭੂਸ਼ਣ ਆਸ਼ੂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਰੋਹ ਪੂਰੇ 6 ਵਜੇ ਮਹਿਮਾਨਾਂ ਦੇ ਪੁੱਜਣ ਤੋਂ ਬਾਅਦ ਸ਼ੁਰੂ ਹੋਇਆ। 
ਅੱਜ ਹੋਏ ਸਹੁੰ ਚੁੱਕ ਸਮਾਰੋਹ ਵਿਚ ਪੰਜਾਬ ਕਾਂਗਰਸ ਦੀ ਇੰਚਾਰਜ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ, ਕੇਂਦਰੀ ਸਕੱਤਰ ਹਰੀਸ਼ ਚੌਧਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਦੇ ਵਿਧਾਇਕ, ਸਾਬਕਾ ਵਿਧਾਇਕ, ਸਾਬਕਾ ਐੱਮ. ਪੀ., ਸੁਖਵੰਤ ਸਿੰਘ ਦੁੱਗਰੀ ਤੇ ਹੋਰ ਪ੍ਰਮੁੱਖ ਕਾਂਗਰਸ ਆਗੂ ਸ਼ਾਮਲ ਸਨ। ਪੰਜਾਬ ਦੇ ਅਡੀਸ਼ਨਲ ਮੁੱਖ ਸਕੱਤਰ ਗ੍ਰਹਿ ਐੱਨ. ਅੱੈਸ. ਕਲਸੀ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਤੋਂ ਇਲਾਵਾ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਵੱਡੀ ਗਿਣਤੀ ਵਿਚ ਪਹੁੰਚੇ। ਮੰਤਰੀ ਮੰਡਲ 'ਚ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਕਈ ਕਾਂਗਰਸੀ ਵਿਧਾਇਕਾਂ 'ਚ ਨਾਰਾਜ਼ਗੀ ਸਪੱਸ਼ਟ ਦਿਖਾਈ ਦਿੱਤੀ। ਡਾ. ਰਾਜ ਕੁਮਾਰ ਵੇਰਕਾ, ਰਾਜਾ ਵੜਿੰਗ ਸਮੇਤ ਕਈ ਵਿਧਾਇਕ ਸਮਾਗਮ 'ਚ ਸ਼ਾਮਲ ਨਹੀਂ ਹੋਏ।


Related News