ਪੰਜਾਬ: ਇੱਕੋ ਦਿਨ ਚੜ੍ਹੇ ਘੋੜੀ ਤੇ ਫ਼ਿਰ ਇੱਕੋ ਦਿਨ ਉੱਠੀ ਦੋਹਾਂ ਭਰਾਵਾਂ ਅਰਥੀ, ਸਿਵਿਆਂ ਤਕ ਨਹੀਂ ਟੁੱਟੀ ਜੋੜੀ

Friday, Jun 12, 2026 - 12:33 PM (IST)

ਪੰਜਾਬ: ਇੱਕੋ ਦਿਨ ਚੜ੍ਹੇ ਘੋੜੀ ਤੇ ਫ਼ਿਰ ਇੱਕੋ ਦਿਨ ਉੱਠੀ ਦੋਹਾਂ ਭਰਾਵਾਂ ਅਰਥੀ, ਸਿਵਿਆਂ ਤਕ ਨਹੀਂ ਟੁੱਟੀ ਜੋੜੀ

ਸਮਰਾਲਾ (ਵਿਪਨ): ਸਮਰਾਲਾ ਦੇ ਨਜ਼ਦੀਕੀ ਪਿੰਡ ਭੰਗਲਾਂ ਵਿਖੇ ਦੋ ਸਕੇ ਭਰਾਵਾਂ ਦਾ ਇੱਕੋ ਦਿਨ ਸਿਵਾ ਬਲ਼ਿਆ। ਦੋਵੇਂ ਭਰਾ ਇਕ ਦੂਜੇ ਨੂੰ ਇੰਨਾ ਪਿਆਰ ਕਰਦੇ ਸੀ ਕਿ ਦੋਨਾਂ ਦਾ ਵਿਆਹ ਵੀ ਇਕ ਘਰ ਵਿਚ ਹੋਇਆ। ਦੋਵੇਂ ਭਰਾ ਇੱਕੋ ਦਿਨ ਘੋੜੀ ਚੜ੍ਹੇ ਸਨ ਤੇ ਵਿਆਹ ਵੀ ਉਨ੍ਹਾਂ ਨੇ 2 ਸਕੀਆਂ ਭੈਣਾਂ ਨਾਲ ਹੀ ਕਰਵਾਇਆ ਤੇ ਹੁਣ ਭਰਾਵਾਂ ਦੀ ਇਹ ਜੋੜੀ ਸਿਵਿਆਂ ਤਕ ਵੀ ਇਕੱਠੀ ਰਹੀ। ਇਕ ਭਰਾ ਦੀ ਮੌਤ ਦਾ ਸਦਮਾ ਦੂਜਾ ਭਰਾ ਸਹਾਰ ਨਹੀਂ ਸਕਿਆ ਤੇ ਕੁਝ ਹੀ ਘੰਟਿਆਂ ਵਿਚ ਉਹ ਵੀ ਦਮ ਤੋੜ ਗਿਆ। ਘਰ ਵਿਚੋਂ ਦੋਹਾਂ ਦੀ ਅਰਥੀ ਇਕੱਠਿਆਂ ਉੱਠੀ ਤੇ ਸ਼ਮਸ਼ਾਨਘਾਟ ਵਿਚ ਦੋਹਾਂ ਦਾ ਇਕੱਠਿਆਂ ਹੀ ਸਸਕਾਰ ਕੀਤਾ ਗਿਆ। 

ਜਾਣਕਾਰੀ ਮੁਤਾਬਕ ਪਿੰਡ ਦੇ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਦੀਪ ਸਿੰਘ (45) ਪਿਛਲੇ ਕਾਫੀ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਸ ਦੀ ਸਿਹਤ ਅਚਾਨਕ ਜ਼ਿਆਦਾ ਵਿਗੜ ਗਈ ਅਤੇ ਸ਼ਾਮ ਕਰੀਬ 5 ਵਜੇ ਉਸ ਨੇ ਆਖਰੀ ਸਾਹ ਲਿਆ। ਗੁਰਦੀਪ ਦੀ ਮੌਤ ਦੀ ਖ਼ਬਰ ਨੇ ਉਸ ਦੇ ਵੱਡੇ ਭਰਾ ਗੁਰਜੀਤ ਸਿੰਘ (50) ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਮੁਤਾਬਕ ਦੋਵੇਂ ਭਰਾ ਬਚਪਨ ਤੋਂ ਹੀ ਇਕ-ਦੂਜੇ ਨਾਲ ਬੇਹੱਦ ਪਿਆਰ ਕਰਦੇ ਸਨ ਤੇ ਜ਼ਿਆਦਾਤਰ ਸਮਾਂ ਇਕੱਠੇ ਹੀ ਬਿਤਾਉਂਦੇ ਸਨ। ਇੱਥੋਂ ਤਕ ਕਿ ਦੋਵਾਂ ਨੇ ਵਿਆਹ ਵੀ ਇੱਕੋ ਘਰ ਕਰਵਾਇਆ ਸੀ ਤੇ ਇੱਕੋ ਦਿਨ ਦੋਨੇ ਘੋੜੀ ਚੜ੍ਹੇ ਸਨ। ਛੋਟੇ ਭਰਾ ਦੀ ਮ੍ਰਿਤਕ ਦੇਹ ਕੋਲ ਬੈਠਾ ਗੁਰਜੀਤ ਸਿੰਘ ਲਗਾਤਾਰ ਰੋ ਰਿਹਾ ਸੀ। ਅਜੇ ਗੁਰਦੀਪ ਦੀ ਮੌਤ ਨੂੰ ਪੰਜ ਘੰਟੇ ਵੀ ਨਹੀਂ ਹੋਏ ਸਨ ਕਿ ਦੇਰ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਗੁਰਜੀਤ ਸਿੰਘ ਦੀ ਵੀ ਅਚਾਨਕ ਦਿਲ ਦੀ ਧੜਕਣ ਰੁਕ ਗਈ। ਪਰਿਵਾਰ ਦਾ ਮੰਨਣਾ ਹੈ ਕਿ ਉਹ ਛੋਟੇ ਭਰਾ ਦੇ ਵਿਛੋੜੇ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ।

ਰਹਿੰਦੇ ਸੀ ਇਕ-ਦੂਜੇ ਦੇ ਪਰਛਾਵੇਂ ਵਾਂਗ

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਭਰਾ ਪਰਛਾਵੇਂ ਵਾਂਗ ਇਕੱਠੇ ਰਹਿੰਦੇ ਸਨ। ਖੇਤਾਂ ਦੀ ਮੋਟਰ 'ਤੇ ਕੰਮ ਕਰਨਾ ਹੋਵੇ, ਸ਼ਹਿਰ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਹੋਵੇ, ਦੋਵੇਂ ਹਮੇਸ਼ਾ ਇਕੱਠੇ ਹੀ ਨਜ਼ਰ ਆਉਂਦੇ ਸਨ। ਜਦੋਂ ਗੁਰਦੀਪ ਸਿੰਘ ਬਿਮਾਰ ਸੀ ਤਾਂ ਗੁਰਜੀਤ ਸਿੰਘ ਅਕਸਰ ਕਹਿੰਦਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਬਜ਼ੁਰਗ ਪਿਤਾ ਆਪਣੇ ਦੋ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਡੂੰਘੇ ਸਦਮੇ ਵਿਚ ਹਨ। ਗੁਰਜੀਤ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ, ਜਦਕਿ ਗੁਰਦੀਪ ਸਿੰਘ ਦਾ ਇੱਕ ਬੇਟਾ ਹੈ।

ਇਕੱਠਿਆਂ ਹੋਇਆ ਸਸਕਾਰ 

ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਚ ਦੋਵਾਂ ਭਰਾਵਾਂ ਦਾ ਸਸਕਾਰ ਇਕੱਠਿਆਂ ਹੀ ਕੀਤਾ ਗਿਆ। ਇੱਕੋ ਘਰ 'ਚੋਂ ਨਿਕਲੀਆਂ ਦੋ ਅਰਥੀਆਂ ਤੇ ਇੱਕੋ ਸਮੇਂ ਬਲਦੀਆਂ ਦੋ ਚਿਤਾਵਾਂ ਦਾ ਦ੍ਰਿਸ਼ ਦੇਖ ਕੇ ਹਰ ਅੱਖ ਨਮ ਹੋ ਗਈ। ਪੂਰਾ ਪਿੰਡ ਗ਼ਮ ਵਿਚ ਡੁੱਬਿਆ ਨਜ਼ਰ ਆਇਆ। ਇਹ ਘਟਨਾ ਸਿਰਫ਼ ਇਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਭਰਾਵਾਂ ਦੇ ਅਤੁੱਟ ਪਿਆਰ ਤੇ ਰਿਸ਼ਤਿਆਂ ਦੀ ਉਸ ਮਜ਼ਬੂਤੀ ਦੀ ਮਿਸਾਲ ਵੀ ਹੈ, ਜਿਸ ਨੂੰ ਪਿੰਡ ਵਾਸੀ ਸ਼ਾਇਦ ਕਦੇ ਭੁੱਲ ਨਹੀਂ ਸਕਣਗੇ। 

ਕਿਸਾਨ ਅੰਦੋਲਨ ਦੌਰਾਨ ਲਾਇਆ ਸੀ ਮੋਰਚਾ 

ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ 'ਤੇ ਇਕ ਸਾਲ ਤੋਂ ਵੱਧ ਸਮੇਂ ਲਈ ਮੋਰਚਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਇਹ ਦੋਵੇਂ ਭਰਾ ਸੰਘਰਸ਼ ਵਿਚ ਲਗਾਤਾਰ ਡਟੇ ਰਹੇ ਸਨ।


 


author

Anmol Tagra

Content Editor

Related News