ਪੰਜਾਬ ''ਚ ਨੈਸ਼ਨਲ ਹਾਈਵੇਅ ''ਤੇ ਚੱਕਾ ਜਾਮ! ਪੁਲਸ ਨੂੰ ਮਿਲਿਆ ਸ਼ਾਮ ਤਕ ਦਾ ਅਲਟੀਮੇਟਮ

Saturday, Jun 06, 2026 - 03:27 PM (IST)

ਪੰਜਾਬ ''ਚ ਨੈਸ਼ਨਲ ਹਾਈਵੇਅ ''ਤੇ ਚੱਕਾ ਜਾਮ! ਪੁਲਸ ਨੂੰ ਮਿਲਿਆ ਸ਼ਾਮ ਤਕ ਦਾ ਅਲਟੀਮੇਟਮ

ਲੁਧਿਆਣਾ (ਰਾਜ): ਮਹਾਨਗਰ ਦੇ ਦਰੇਸੀ ਇਲਾਕੇ ਤੋਂ ਇਕ 17 ਸਾਲਾ ਕੁੜੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ 'ਤੇ ਢਿੱਲੀ ਕਾਰਗੁਜ਼ਾਰੀ ਅਤੇ ਟਾਲਮਟੋਲ ਵਾਲੇ ਰਵੱਈਏ ਦਾ ਦੋਸ਼ ਲਗਾਉਂਦਿਆਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇਨਸਾਫ਼ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇਅ 'ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਪੀੜਤ ਪਰਿਵਾਰ ਦਾ ਸਿੱਧਾ ਦੋਸ਼ ਹੈ ਕਿ ਪੁਖਤਾ ਸਬੂਤ ਅਤੇ ਸੀ.ਸੀ.ਟੀ.ਵੀ. ਫੁਟੇਜ ਸੌਂਪਣ ਦੇ ਬਾਵਜੂਦ ਪੁਲਸ ਸਿਰਫ ਕਾਗਜ਼ੀ ਕਾਰਵਾਈ ਕਰ ਰਹੀ ਹੈ, ਜਦਕਿ ਉਨ੍ਹਾਂ ਦੀ ਲਾਡਲੀ ਧੀ ਦੀ ਕੋਈ ਉੱਗ-ਸੁੱਗ ਨਹੀਂ ਲੱਗ ਰਹੀ। 

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬੀਤੀ 3 ਮਈ ਦੀ ਰਾਤ ਤੋਂ ਗਾਇਬ ਹੈ। ਰੋਜ਼ਾਨਾ ਦੀ ਤਰ੍ਹਾਂ ਜਦੋਂ ਉਸ ਦੀ ਮਾਂ ਸ਼ਾਮ ਕਰੀਬ 6 ਵਜੇ ਕੱਪੜੇ ਦੀ ਦੁਕਾਨ ਤੋਂ ਕੰਮ ਕਰਕੇ ਘਰ ਪਰਤੀ, ਤਾਂ ਸਭ ਤੋਂ ਛੋਟੀ ਬੇਟੀ ਘਰੋਂ ਗਾਇਬ ਸੀ। ਕਾਫੀ ਭਾਲ ਕਰਨ ਤੋਂ ਬਾਅਦ ਵੀ ਜਦੋਂ ਉਸ ਦਾ ਕੁਝ ਪਤਾ ਨਹੀਂ ਲੱਗਿਆ, ਤਾਂ ਦਰੇਸੀ ਥਾਣੇ ਵਿਚ ਗੁਹਾਰ ਲਗਾਈ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਹ ਲਗਾਤਾਰ ਥਾਣੇ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਹਰ ਵਾਰ 'ਤਫਤੀਸ਼ ਚੱਲ ਰਹੀ ਹੈ' ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਅੱਜ ਸਵੇਰੇ ਵੀ ਜਦੋਂ ਪੁਲਸ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਤਾਂ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਪਰਿਵਾਰ ਦੁਪਹਿਰ 12 ਵਜੇ ਨੈਸ਼ਨਲ ਹਾਈਵੇਅ 'ਤੇ ਧਰਨੇ 'ਤੇ ਬੈਠ ਗਿਆ, ਜਿਸ ਨਾਲ ਦਿੱਲੀ ਤੋਂ ਜਲੰਧਰ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ।

ਸੀ.ਸੀ.ਟੀ.ਵੀ. ਵਿਚ 3 ਸ਼ੱਕੀਆਂ ਨਾਲ ਦਿਖੀ ਮਾਸੂਮ

ਲਾਪਤਾ ਕੁੜੀ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਇਕ ਆਈਫੋਨ (iPhone) ਅਤੇ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਗਈ ਸੀ। ਜਦੋਂ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ 'ਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਲੜਕੀ ਦੇ ਆਸ-ਪਾਸ 3 ਸ਼ੱਕੀ ਨੌਜਵਾਨ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਇਕ ਨੇ ਸ਼ਰੇਆਮ ਉਸ ਦਾ ਹੱਥ ਫੜਿਆ ਹੋਇਆ ਹੈ ਅਤੇ ਦੋ ਹੋਰ ਅੱਗੇ-ਅੱਗੇ ਰਸਤਾ ਸਾਫ ਕਰ ਰਹੇ ਹਨ। ਇਸ ਖੌਫਨਾਕ ਫੁਟੇਜ ਦੇ ਆਧਾਰ 'ਤੇ ਮਾਪਿਆਂ ਨੂੰ ਡੂੰਘਾ ਸ਼ੱਕ ਹੈ ਕਿ ਕਿਸੇ ਸ਼ਾਤਰ ਗਿਰੋਹ ਜਾਂ ਅਣਪਛਾਤੇ ਦਰਿੰਦਿਆਂ ਨੇ ਆਪਣੇ ਕਿਸੇ ਕਾਲੇ ਮਨਸੂਬੇ ਨੂੰ ਅੰਜਾਮ ਦੇਣ ਲਈ ਉਨ੍ਹਾਂ ਦੀ ਮਾਸੂਮ ਬੇਟੀ ਨੂੰ ਜ਼ਬਰਦਸਤੀ ਅਗਵਾ ਕਰਕੇ ਕਿਤੇ ਬੰਧਕ ਬਣਾ ਰੱਖਿਆ ਹੈ। ਲਾਪਤਾ ਲੜਕੀ ਨੇ ਇਕ ਸਾਲ ਪਹਿਲਾਂ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ ਅਤੇ ਉਹ ਘਰ ਹੀ ਰਹਿੰਦੀ ਸੀ। ਉਸ ਦੇ ਪਿਤਾ ਆਟੋ ਚਲਾ ਕੇ ਅਤੇ ਮਾਂ ਕੱਪੜੇ ਦੀ ਦੁਕਾਨ 'ਤੇ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। 

ਸ਼ਾਮ ਤਕ ਦਾ ਅਲਟੀਮੇਟਮ ਦੇ ਕੇ ਚੁੱਕਿਆ ਧਰਨਾ

ਹਾਈਵੇਅ 'ਤੇ ਪਰਿਵਾਰਕ ਮੈਂਬਰਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਟ੍ਰੈਫਿਕ ਨੂੰ ਸਰਵਿਸ ਲੇਨ 'ਤੇ ਡਾਇਵਰਟ ਕੀਤਾ, ਪਰ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਸਰਵਿਸ ਲੇਨ ਨੂੰ ਵੀ ਬਲਾਕ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਕਿ ਸ਼ਿਕਾਇਤ ਮਿਲਦੇ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ। ਕਰੀਬ ਇਕ ਘੰਟੇ ਦੇ ਹੰਗਾਮੇ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸਖ਼ਤ ਅਲਟੀਮੇਟਮ ਦਿੰਦੇ ਹੋਏ ਧਰਨਾ ਖਤਮ ਕੀਤਾ ਕਿ ਜੇਕਰ ਅੱਜ ਸ਼ਾਮ ਤੱਕ ਉਨ੍ਹਾਂ ਦੀ ਬੇਟੀ ਨੂੰ ਸਹੀ-ਸਲਾਮਤ ਬਰਾਮਦ ਨਹੀਂ ਕੀਤਾ ਗਿਆ, ਤਾਂ ਉਹ ਦੁਬਾਰਾ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸ਼ਾਸਨ-ਪ੍ਰਸ਼ਾਸਨ ਦੀ ਹੋਵੇਗੀ।

ਕੁੜੀ ਦੀ ਭਾਲ ਲਗਾਤਾਰ ਜਾਰੀ: ਐੱਸ.ਐੱਚ.ਓ.

ਉੱਧਰ, ਥਾਣਾ ਦਰੇਸੀ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਮਾਮਲੇ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਸ ਐਕਸ਼ਨ ਵਿਚ ਆ ਗਈ ਸੀ। ਕੁੜੀ ਦੀ ਭਾਲ ਲਈ ਪੁਲਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਆਲੇ-ਦੁਆਲੇ ਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਤਾਂ ਜੋ ਸ਼ੱਕੀਆਂ ਦੇ ਰੂਟ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਲੜਕੀ ਦੇ ਆਈਫੋਨ ਦੀ ਲੋਕੇਸ਼ਨ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਮੋਬਾਈਲ ਫਿਲਹਾਲ ਬੰਦ ਆ ਰਿਹਾ ਹੈ। ਐੱਸ.ਐੱਚ.ਓ. ਨੇ ਦਾਅਵਾ ਕੀਤਾ ਕਿ ਐੱਫ.ਆਈ.ਆਰ. ਦਰਜ ਹੈ ਅਤੇ ਪੁਲਸ ਬਹੁਤ ਜਲਦ ਬੱਚੀ ਨੂੰ ਸੁਰੱਖਿਅਤ ਲੱਭ ਲਵੇਗੀ।


author

Anmol Tagra

Content Editor

Related News