''...ਨਹੀਂ ਤਾਂ ਥਾਣੇ ਲੈਜੂੰ'' ਪੰਜਾਬ ਪੁਲਸ ਦਾ ਫਰਜ਼ੀ ਮੁਲਾਜ਼ਮ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ ਦੰਗ

Thursday, Jun 11, 2026 - 05:39 PM (IST)

''...ਨਹੀਂ ਤਾਂ ਥਾਣੇ ਲੈਜੂੰ'' ਪੰਜਾਬ ਪੁਲਸ ਦਾ ਫਰਜ਼ੀ ਮੁਲਾਜ਼ਮ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ ਦੰਗ

ਲੁਧਿਆਣਾ (ਰਾਜ): ਮੁੰਡੀਆਂ ਕਲਾਂ ਇਲਾਕੇ ਵਿਚ ਖ਼ਾਕੀ ਵਰਦੀ ਦਾ ਰੋਅਬ ਦਿਖਾ ਕੇ ਗਰੀਬ ਰੇਹੜੀ ਵਾਲਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲਾ ਇਕ ਫਰਜ਼ੀ ਪੁਲਸ ਮੁਲਾਜ਼ਮ ਬੇਨਕਾਬ ਹੋਇਆ ਹੈ। ਅਸਲੀ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਇਸ ਨਕਲੀ ਪੁਲਸ ਵਾਲੇ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਥਾਣਾ ਪੁਲਸ ਦੀ ਇਕ ਵਿਸ਼ੇਸ਼ ਟੀਮ ਏ. ਐੱਸ. ਆਈ. ਬਲਕਾਰ ਸਿੰਘ ਦੀ ਅਗਵਾਈ ਵਿਚ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਇਲਾਕੇ ਵਿਚ ਗਸ਼ਤ 'ਤੇ ਤਾਇਨਾਤ ਸੀ। ਇਸੇ ਦੌਰਾਨ ਪੁਲਸ ਪਾਰਟੀ ਨੂੰ ਇਕ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਇਲਾਕੇ ਵਿਚ ਇਕ ਠੱਗ ਖ਼ੁਦ ਨੂੰ ਪੁਲਸ ਵਾਲਾ ਦੱਸ ਕੇ ਲੋਕਾਂ ਨੂੰ ਲੁੱਟ ਰਿਹਾ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਸੁਨੀਲ ਯਾਦਵ ਨੇ ਦੱਸਿਆ ਕਿ ਉਹ ਤੇ ਉਸ ਦੇ ਚਾਚੇ ਦਾ ਮੁੰਡਾ ਚੰਦ ਕਿਸ਼ੋਰ ਯਾਦਵ 33 ਫੁੱਟਾ ਰੋਡ 'ਤੇ ਸਰਕਾਰੀ ਫ਼ਲੈਟਾਂ ਨੇੜੇ ਰੇਹੜੀ ਲਗਾ ਕੇ ਫ਼ਲ ਵੇਚ ਰਹੇ ਸਨ। ਇਸੇ ਦੌਰਾਨ ਇਕ ਅਣਪਛਾਤਾ ਨੌਜਵਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਨ੍ਹਾਂ ਕੋਲ ਆਇਆ ਤੇ ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਥਾਣੇ ਲਿਜਾਉਣ ਦਾ ਖ਼ੌਫ਼ ਦਿਖਾ ਕੇ ਫਰਜ਼ੀ ਪੁਲਸ ਮੁਲਾਜ਼ਮ ਨੇ ਉਸ ਤੋਂ 2 ਹਜ਼ਾਰ ਰੁਪਏ ਤੇ ਚੰਦ ਕਿਸ਼ੋਰ ਦੀ ਜੇਬ 'ਚੋਂ 6 ਹਜ਼ਾਰ ਰੁਪਏ ਦੀ ਨਕਦੀ ਸਮੇਤ ਉਨ੍ਹਾਂ ਦਾ ਕੀਮਤ ਆਈ ਫ਼ੋਨ 11 ਜ਼ਬਰਦਸਤੀ ਕੱਢ ਲਿਆ। ਇਸ ਮਗਰੋਂ ਉਹ ਸ਼ਿਕਾਇਤਕਰਤਾ ਨੂੰ ਡਰਾ ਕੇ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਥਾਣੇ ਲਿਜਾਣ ਦੇ ਬਹਾਨੇ ਨਾਲ ਲੈ ਗਿਆ। ਹਾਲਾਂਕਿ ਥੋੜੀ ਦੂਰ ਜਾ ਕੇ ਉਸ ਨੇ ਸ਼ਿਕਾਇਤਕਰਤਾ ਨੂੰ ਰਾਹ ਵਿਚ ਉਤਾਰ ਦਿੱਤਾ ਤੇ ਨਕਦੀ ਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਿਆ।

ਵਾਰਦਾਤ ਮਗਰੋਂ ਜਦੋਂ ਪੀੜਤਾਂ ਨੇ ਆਪਣੇ ਪੱਧਰ 'ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਪੁੱਛਗਿੱਛ ਕੀਤੀ ਤੇ ਭਾਲ ਸ਼ੁਰੂ ਕੀਤੀ ਤਾਂ ਇਸ ਸ਼ਾਤਰ ਠੱਗ ਦੀ ਅਸਲ ਪਛਾਣ ਗੁਰਜੀਤ ਸਿੰਘ ਵਜੋਂ ਹੋਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਗੁਰਜੀਤ ਸਿੰਘ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਕਾਬੂ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News