ਪੰਜਾਬ ਦੀਆਂ ਸਰਹੱਦਾਂ ਸੀਲ, 92 ਥਾਵਾਂ ''ਤੇ ਪੁਲਸ ਨੇ ਲਾਏ ਹਾਈ ਲੈਵਲ ਨਾਕੇ
Monday, Sep 09, 2024 - 06:44 PM (IST)

ਚੰਡੀਗੜ੍ਹ : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਵੱਲੋਂ ਸੋਮਵਾਰ ਨੂੰ ਇਕ ਵਿਸ਼ੇਸ਼ ਆਪ੍ਰੇਸ਼ਨ ‘ਆਪ੍ਰੇਸ਼ਨ ਸੀਲ-8’ ਚਲਾਇਆ ਗਿਆ। ਇਸ ਆਪ੍ਰੇਸ਼ਨ ਦਾ ਉਦੇਸ਼ ਸਰਹੱਦੀ ਸੂਬੇ ਪੰਜਾਬ ਵਿਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਕੇ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ’ਤੇ ਨਕੇਲ ਕੱਸਣ ਤੋਂ ਇਲਾਵਾ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਹਰਕਤ ’ਤੇ ਬਾਜ਼ ਅੱਖ ਰੱਖਣਾ ਵੀ ਸੀ। ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮਕਾਲੀ ਤਰੀਕੇ ਨਾਲ ਚਲਾਇਆ ਗਿਆ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਪਿਆ ਭੜਥੂ, ਹਾਲਾਤ ਦੇਖ ਸਹਿਮ ਗਏ ਲੋਕ
ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਸੀਨੀਅਰ ਪੁਲਸ ਸੁਪਰਡੰਟਾਂ (ਐੱਸਐੱਸਪੀਜ਼) ਨੂੰ ‘ਆਪ੍ਰੇਸ਼ਨ ਸੀਲ-8’ ਦੇ ਹਿੱਸੇ ਵਜੋਂ ਪ੍ਰਭਾਵਸ਼ਾਲੀ ਨਕਾਬੰਦੀ ਨੂੰ ਯਕੀਨੀ ਬਣਾਉਣ ਲਈ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਦੇ ਆਪਣੇ ਹਮਰੁਤਬਾ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਐੱਸਐੱਸਪੀਜ਼ ਨੂੰ ਸਬੰਧਤ ਜ਼ਿਲ੍ਹਿਆਂ ਦੀਆਂ ਰਣਨੀਤਕ ਥਾਵਾਂ ’ਤੇ ਸਾਂਝੇ ਨਾਕਾ ਆਪ੍ਰੇਸ਼ਨ ਚਲਾਉਣ ਅਤੇ ਗਜ਼ਟਿਡ ਅਧਿਕਾਰੀਆਂ/ਐੱਸਐੱਚਓਜ਼ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ ’ਨਾਕੇ’ ਲਗਾਉਣ ਲਈ ਵੱਧ ਤੋਂ ਵੱਧ ਪੁਲਸ ਨਫ਼ਰੀ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਪਟਿਆਲਾ : ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ
ਉਨ੍ਹਾਂ ਦੱਸਿਆ ਕਿ 10 ਜ਼ਿਲ੍ਹਿਆਂ ਦੇ ਲਗਭਗ 92 ਐਂਟਰੀ/ਐਗਜ਼ਿਟ ਪੁਆਇੰਟਾਂ ਜੋ ਕਿ ਚਾਰ ਸਰਹੱਦੀ ਰਾਜਾਂ ਅਤੇ ਯੂ. ਟੀ. ਚੰਡੀਗੜ੍ਹ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ, ਵਿਖੇ ਇੰਸਪੈਕਟਰਾਂ/ਡੀਐੱਸਪੀਜ਼ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਸ ਕਰਮੀਆਂ ਦੀ ਨਫ਼ਰੀ ਵਿਚ ਸੁਚੱਜੇ ਤਾਲਮੇਲ ਵਾਲੇ ਮਜ਼ਬੂਤ ਨਾਕੇ ਸਥਾਪਤ ਕੀਤੇ ਗਏ । 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ਵਿਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐੱਸਏਐੱਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਆਮ ਲੋਕਾਂ ਲਈ ਘੱਟ ਤੋਂ ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਜਾਂਚ ਕਰਨ ਤੋਂ ਇਲਾਵਾ, ਪੁਲਸ ਟੀਮਾਂ ਨੇ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਚਾਲਾਨ ਕੱਟਣ ਨੂੰ ਲੈ ਕੇ ਪੁਲਸ ਦੀ ਵੱਡੀ ਤਿਆਰੀ
ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਪੁਲਸ ਮੁਲਾਜ਼ਮਾਂ ਨੂੰ ਇਸ ਆਪਰੇਸ਼ਨ ਦੌਰਾਨ ਆਉਣ ਜਾਣ ਵਾਲੇ ਸਾਰੇ ਵਿਅਕਤੀਆਂ ਨਾਲ, ਉਨ੍ਹਾਂ ਦੇ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ, ਨਿਮਰਤਾ ਨਾਲ ਪੇਸ਼ ਆਉਣ ਸਖ਼ਤ ਹਦਾਇਤ ਕੀਤੀ ਗਈ ਸੀ। ਵਿਸ਼ੇਸ਼ ਡੀ. ਜੀ. ਪੀ. ਨੇ ਦੱਸਿਆ ਕਿ ਸੂਬੇ ਵਿਚ ਆਉਣ/ਜਾਣ ਵਾਲੇ 4245 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 293 ਦੇ ਚਲਾਨ ਕੀਤੇ ਗਏ ਅਤੇ 16 ਨੂੰ ਜ਼ਬਤ ਕੀਤਾ ਗਿਆ। ਪੁਲਸ ਨੇ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 26 ਐੱਫਆਈਆਰਜ਼ ਵੀ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਸ ਟੀਮਾਂ ਨੇ 401 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਇਸ ਅਪਰੇਸ਼ਨ ਦੌਰਾਨ ਪੁਲਸ ਟੀਮਾਂ ਨੇ 1.1 ਕਿਲੋ ਅਫੀਮ, 29 ਕਿਲੋ ਭੁੱਕੀ, 42 ਕਿਲੋ ਨਸ਼ੀਲਾ ਪਾਊਡਰ, 1070 ਨਸ਼ੀਲੇ ਕੈਪਸੂਲ/ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਜਾਇਜ਼ ਅਤੇ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਅਜਿਹੇ ਆਪਰੇਸ਼ਨ ਖੇਤਰੀ ਪੱਧਰ ‘ਤੇ ਪੁਲਸ ਦੀ ਮੌਜੂਦਗੀ ਨੂੰ ਦਰਸਾਉਣ ਤੋਂ ਇਲਾਵਾ, ਸਮਾਜ ਵਿਰੋਧੀ ਅਨਸਰਾਂ ਵਿਚ ਡਰ ਪੈਦਾ ਕਰਨ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪਟਿਆਲਾ, ਕੁੜੀ ਪਿੱਛੇ 23 ਸਾਲਾ ਮੁੰਡੇ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8