ਪੰਜਾਬ ਦੇ ਆੜ੍ਹਤੀ 10 ਜੂਨ ਤੋਂ ਕਰਨਗੇ ਸੜਕਾਂ ਜਾਮ, ਮੰਡੀਆਂ ਅੱਜ ਤੋਂ ਹੀ ਬੰਦ

06/01/2022 4:25:42 PM

ਜਲੰਧਰ (ਨਰਿੰਦਰ ਮੋਹਨ)- ਪੰਜਾਬ ਭਰ ਦੇ ਕਰੀਬ ਢਾਈ ਲੱਖ ਆੜ੍ਹਤੀ ਪਰਿਵਾਰ ਅਤੇ ਉਨ੍ਹਾਂ ਦੇ ਕਰਮਚਾਰੀ 10 ਜੂਨ ਨੂੰ ਪੰਜਾਬ ਦੀਆਂ ਸੜਕਾਂ ਜਾਮ ਕਰਨਗੇ| ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਸਿੱਧੀ ਖ਼ਰੀਦ ਕਰਨ ਦੇ ਵਿਰੋਧ ਵਿਚ ਉਤਰੇ ਆੜ੍ਹਤੀਆਂ ਦਾ ਦੋਸ਼ ਹੈ ਕਿ ਜਿਸ ਤਰ੍ਹਾਂ ਕੇਂਦਰ ਦੇ ਤਿੰਨ ਖੇਤੀ ਕਾਨੂੰਨ ਮੰਡੀਆਂ ਨੂੰ ਖ਼ਤਮ ਕਰਨ ਵਾਲੇ ਸਨ, ਉਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖ਼ਰੀਦ ਸਹਿਕਾਰੀ ਸਭਾਵਾਂ ਰਾਹੀ ਕਰਨ ਦੇ ਫ਼ੈਸਲੇ ਨਾਲ ਮੰਡੀਆਂ ਖ਼ਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਆੜ੍ਹਤੀਆਂ ਵੱਲੋਂ ਅੱਜ ਯਾਨੀ ਕਿ ਪਹਿਲੀ ਜੂਨ ਤੋਂ ਅਣ ਮਿੱਥੇ ਸਮੇਂ ਲਈ ਪੰਜਾਬ ਦੀਆਂ ਮੰਡੀਆਂ ਬੰਦ ਕੀਤੀਆ ਜਾ ਰਹੀਆਂ ਹਨ |

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਰਵਾਇਤੀ ਫ਼ਸਲਾਂ ਤੋਂ ਇਲਾਵਾ ਮੂੰਗੀ, ਮੱਕੀ ਆਦਿ ਦੀ ਫ਼ਸਲ ਵੀ ਘੱਟੋ-ਘੱਟ ਸਮੱਰਥਨ ਮੁੱਲ (ਐੱਮ. ਐੱਸ. ਪੀ. ) ’ਤੇ ਖਰੀਦਣ ਦਾ ਫੈਸਲਾ ਲਿਆ ਹੈ | ਇਹ ਖਰੀਦ ਮਾਰਕਫੈੱਡ ਲਈ ਸਹਿਕਾਰੀ ਸਭਾਵਾਂ ਵਲੋਂ ਕੀਤੀ ਜਾਵੇਗੀ | ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਰੀਬ 20 ਹਜ਼ਾਰ ਟਨ ਮੂੰਗੀ ਦੀ ਫਸਲ ਹੁੰਦੀ ਹੈ ਅਤੇ ਮੂੰਗੀ ਦੀ ਖ਼ਰੀਦ ਲਈ 35 ਮੰਡੀਆਂ ਤੈਅ ਕੀਤੀਆ ਗਈਆਂ ਹਨ, ਜਦਕਿ ਇਸ ਵਾਰ ਮੱਕੀ ਨੂੰ ਸਰਕਾਰ ਵਲੋਂ ਐੱਮ. ਐੱਸ. ਪੀ. ’ਤੇ ਖ਼ਰੀਦਣ ਦੇ ਫ਼ੈਸਲੇਂ ਤੋਂ ਬਾਅਦ ਪੰਜਾਬ ਵਿਚ ਮੱਕੀ ਦੀ ਬਿਜਾਈ ਵੱਧ ਹੋ ਰਹੀ ਹੈ | ਆੜ੍ਹਤੀਆਂ ਨੂੰ ਸ਼ੰਕਾ ਹੈ ਕਿ ਜਿਸ ਤਰ੍ਹਾਂ ਮੂੰਗੀ ਦੇ ਮਾਮਲੇ ਵਿਚ ਫੈਸਲਾ ਸਰਕਾਰ ਵਲੋਂ ਲਿਆ ਗਿਆ ਹੈ, ਮੱਕੀ , ਬਾਸਮਤੀ ਅਤੇ ਹੋਰ ਫ਼ਸਲਾਂ ਬਾਰੇ ਵੀ ਸਰਕਾਰ ਫ਼ੈਸਲਾ ਲੈ ਸਕਦੀ ਹੈ |
ਇਸ ਸਬੰਧੀ ਆੜ੍ਹਤੀਆਂ ਦਾ ਸ਼ਿਕਵਾ ਸੀ ਕਿ ਜਦ ਆੜ੍ਹਤੀਆਂ ਨੇ ਮੰਡੀਆਂ ’ਚ ਕਰੋੜਾਂ ਦੀਆਂ ਦੁਕਾਨਾਂ ਖ਼ਰੀਦੀਆਂ ਹੋਈਆਂ ਹਨ ਅਤੇ ਲੱਖਾਂ ਰੁਪਏ ਉਨ੍ਹਾਂ ’ਤੇ ਖਰਚ ਕੀਤੇ ਹਨ ਤਾਂ ਅਜਿਹੇ ਵਿਚ ਪੰਜਾਬ ਸਰਕਾਰ ਦਾ ਸਿੱਧੀ ਖ਼ਰੀਦ ਕਰਨ ਦਾ ਫ਼ੈਸਲਾ ਉਨ੍ਹਾਂ ਨੂੰ ਬਰਬਾਦ ਕਰਨ ਵਾਲਾ ਹੋਵੇਗਾ| ਆੜ੍ਹਤੀਆਂ ਵਲੋਂ ਪਹਿਲੀ ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਅੰਦੋਲਨ ਵਿਚ ਆੜ੍ਹਤੀਆਂ ਦੇ 40 ਹਜ਼ਾਰ ਪਰਿਵਾਰ, ਇਕ ਲੱਖ ਕਰਮਚਾਰੀ ਅਤੇ ਇਕ ਲੱਖ ਪੱਕੇ ਮਜਦੂਰ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਅੰਦੋਲਨ ਸ਼ੁਰੂ ਕਰ ਦੇਣਗੇ |

ਸਰਕਾਰ ਨੇ ਅਲਟੀਮੇਟਮ ਦੇ ਬਾਵਜੂਦ ਆੜਤੀਆਂ ਦੀ ਮੰਗ ਦਾ ਕੋਈ ਜਵਾਬ ਨਹੀਂ ਦਿੱਤਾ: ਵਿਜੇ ਕਾਲੜਾ
ਇਸ ਬਾਰੇ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦਾ ਕਹਿਣਾ ਸੀ ਕਿ ਸਰਕਾਰ ਦੇ ਇਸ ਫੈਸਲੇ ਬਾਰੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ 31 ਮਈ ਤਕ ਸਰਕਾਰ ਨੂੰ ਗੱਲਬਾਤ ਲਈ ਅਲਟੀਮੇਟਮ ਦਿੱਤਾ ਗਿਆ ਸੀ ਪਰ ਸਰਕਾਰ ਵਲੋਂ ਆੜ੍ਹਤੀਆਂ ਦੀ ਇਸ ਮੰਗ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਲਈ ਪਹਿਲੀ ਜੂਨ ਤੋਂ ਪੰਜਾਬ ਦੀਆਂ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਮੰਡੀਆਂ ਵਿਚ ਮੂੰਗੀ ਦੀ ਖਰੀਦ ਹੁੰਦੀ ਹੈ, ਉੱਥੇ ਮੁਜ਼ਾਹਰੇ ਵੀ ਹੋਣਗੇ। ਪੰਜ ਜੂਨ ਤਕ ਸਰਕਾਰ ਕੋਲ ਸੁਣਵਾਈ ਨਾ ਹੋਈ ਤਾਂ 6 ਜੂਨ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਮੁਜ਼ਾਹਰੇ ਕੀਤੀ ਜਾਣਗੇ ਅਤੇ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ 10 ਜੂਨ ਤੋਂ ਬਾਅਦ ਸਮੂਹ ਆੜ੍ਹਤੀ ਵਰਗ ਅਤੇ ਉਨ੍ਹਾਂ ਦੇ ਕਰਮਚਾਰੀ ਪੰਜਾਬ ਭਰ ਵਿਚ ਸੜਕਾਂ ਜਾਮ ਕਰਨਗੇ |

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਏ. ਸੀ. ਪੀ. ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News