ਅਗਲੇ ਸਾਲ ਵੀ ਲੇਟ ਹੀ ਮੁਹੱਈਆ ਹੋਣਗੀਆਂ ਸਿੱਖਿਆ ਬੋਰਡ ਦੀਆਂ ਕਿਤਾਬਾਂ

Friday, Nov 30, 2018 - 11:30 AM (IST)

ਅਗਲੇ ਸਾਲ ਵੀ ਲੇਟ ਹੀ ਮੁਹੱਈਆ ਹੋਣਗੀਆਂ ਸਿੱਖਿਆ ਬੋਰਡ ਦੀਆਂ ਕਿਤਾਬਾਂ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਜਿੱਥੇ ਹਰ ਸਾਲ ਦਸੰਬਰ ਮਹੀਨੇ ਤਕ ਅਗਲੇ ਸਾਲ ਦੀਆਂ ਸਾਰੀਆਂ ਪਾਠ ਪੁਸਤਕਾਂ ਛਪ ਜਾਂਦੀਆਂ ਸਨ, ਉਥੇ ਹੀ ਇਸ ਵਾਰ ਅਜੇ ਤਕ ਬੋਰਡ ਕਿਤਾਬਾਂ ਛਾਪਣ ਲਈ ਲੋੜੀਂਦੇ ਕਾਗਜ਼ ਦਾ ਪ੍ਰਬੰਧ ਨਹੀਂ ਕਰ ਸਕਿਆ। ਕਾਗਜ਼ ਮੁਹੱਈਆ ਨਾ ਹੋਣ ਕਰਕੇ ਅਜੇ ਤਕ ਕਿਤਾਬਾਂ ਛਾਪਣ ਵਾਲੀਆਂ ਫਰਮਾਂ ਨਾਲ ਕੋਈ ਸਮਝੌਤਾ ਵੀ ਨਹੀਂ ਕੀਤਾ ਜਾ ਸਕਿਆ, ਜਿਸ ਕਰਕੇ ਅਗਲੇ ਸਾਲ (2019)  'ਚ ਵੀ ਕਿਤਾਬਾਂ ਛਪਣ ਵਿਚ ਦੇਰੀ ਹੋਣ ਦੀ ਪੂਰੀ ਸੰਭਾਵਨਾ ਹੈ। 

ਪਿਛਲੇ ਕਈ ਮਹੀਨਿਆਂ ਤੋਂ ਸਿੱਖਿਆ ਬੋਰਡ ਵਿਚ ਪਾਠ ਪੁਸਤਕਾਂ ਲਈ ਕਰੋੜਾਂ ਦਾ ਕਾਗਜ਼ ਖਰੀਦਣ ਸਬੰਧੀ ਚਰਚਾ ਚੱਲ ਰਹੀ ਹੈ ਪਰ ਅਜੇ ਤਕ ਗੱਲ ਕਿਨਾਰੇ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਇਸ ਸਾਲ ਵੀ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੇਰੀ ਨਾਲ ਮਿਲੀਆਂ ਸਨ ਅਤੇ ਇਤਿਹਾਸ ਵਿਸ਼ੇ ਦੀ ਕਿਤਾਬ ਤਾਂ ਅਜੇ ਤਕ ਛਪ ਕੇ ਵਿਦਿਆਰਥੀਆਂ ਦੇ ਹੱਥਾਂ ਵਿਚ ਵੀ ਨਹੀਂ ਪਹੁੰਚ ਸਕੀ ਅਤੇ ਨਾ ਹੀ ਇਸ ਸਾਲ ਇਸ ਕਿਤਾਬ ਦੇ ਛਪਣ ਦੀ ਉਮੀਦ ਹੈ ਕਿਉਂਕਿ ਅਜੇ ਤਕ ਕਿਤਾਬ ਦਾ ਖਰੜਾ ਹੀ ਤਿਆਰ ਨਹੀਂ ਹੋ ਸਕਿਆ। ਜੇਕਰ ਕਿਤਾਬਾਂ ਸਮੇਂ ਸਿਰ ਨਾ ਛਪੀਆਂ ਤਾਂ ਪੰਜਾਬ ਦੇ ਲੱਖਾਂ ਹੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਣਾ ਤੈਅ ਹੈ। 

ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ ਕਾਗਜ਼ ਖਰੀਦਣ ਵਿਚ ਕਈ ਤਕਨੀਕੀ ਕਾਰਨਾਂ ਕਰਕੇ ਦੇਰੀ ਹੋਈ ਹੈ ਪਰ ਹੁਣ ਕਾਗਜ਼ ਸਿੱਖਿਆ ਬੋਰਡ ਵਿਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਬੋਰਡ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹਨ ਤਾਂ ਜੋ ਵਿਦਿਆਰਥੀਆਂ ਦੀਆਂ ਪੁਸਤਕਾਂ ਸਮੇਂ ਸਿਰ ਛਾਪ ਕੇ ਉਨ੍ਹਾਂ ਦੇ ਹੱਥਾਂ ਤਕ ਪਹੁੰਚਦੀਆਂ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਪਬਲੀਕੇਸ਼ਨ ਬ੍ਰਾਂਚ ਵਿਚ ਕਰਮਚਾਰੀਆਂ ਦੀ ਘਾਟ ਹੈ, ਜਿਸ ਕਰਕੇ ਵੀ ਇਹ ਮੁਸ਼ਕਿਲ ਪੇਸ਼ ਆਈ।  ਬੋਰਡ ਦੇ ਕਾਬਲ ਅਧਿਕਾਰੀ ਗੁਰਤੇਜ ਸਿੰਘ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਕਰਕੇ ਸਾਰਾ ਕੰਮ ਲੀਹ 'ਤੇ ਆ ਗਿਆ ਹੈ।  10 ਦਸੰਬਰ ਤਕ ਕਿਤਾਬਾਂ ਛਾਪਣ ਵਾਲੀਆਂ ਫਰਮਾਂ ਨਾਲ ਅੰਤਿਮ ਗੱਲਬਾਤ ਕਰਕੇ ਪੁਸਤਕਾਂ ਦੀ ਛਪਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਹੀ ਲਗਭਗ 25 ਕਰੋੜ ਦੀਆਂ ਕਿਤਾਬਾਂ ਛਪਵਾ ਕੇ ਬੋਰਡ ਦੇ ਸਟੋਰਾਂ ਵਿਚ ਪਹੁੰਚਾਈਆਂ ਗਈਆਂ ਹਨ ਤੇ ਇਹ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰਕੀਟ ਵਿਚ ਆ ਜਾਣਗੀਆਂ।


author

Babita

Content Editor

Related News