ਸਸਤੇ ਸਫਰ ਦਾ ਆਨੰਦ ਦੇਣ ਲਈ ਪੀ. ਆਰ. ਟੀ. ਸੀ. ਨੇ 2 ਏ. ਸੀ. ਵੋਲਵੋ ਬੱਸਾਂ ਕੀਤੀਆਂ ਲੋਕਾਂ ਦੇ ਸਪੁਰਦ

Friday, Nov 10, 2023 - 06:07 PM (IST)

ਪਟਿਆਲਾ/ਦੇਵੀਗੜ੍ਹ (ਰਾਜੇਸ਼ ਪੰਜੌਲਾ, ਨੌਗਾਵਾਂ) : ਪੀ. ਆਰ. ਟੀ. ਸੀ. ਦੇ ਬੇੜੇ ’ਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੌਖਾਲੇ ਸਫਰ ਲਈ 2 ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਚੇਅਰਮੈਨ ਪੀ. ਆਰ. ਟੀ. ਸੀ. ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ, ਉੱਥੇ ਹੀ ਪੰਜਾਬ ਸਰਕਾਰ ਅਤੇ ਪੀ. ਆਰ. ਟੀ. ਸੀ. ਦੇ ਚੰਗੇ ਕਾਮਿਆਂ ਦੇ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਜਲਦ ਵਾਧੇ ਦਾ ਵਿਭਾਗ ਬਣ ਕੇ ਉਭਰਨ ਦੀ ਗੱਲ ਵੀ ਆਖੀ।

ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਸ਼ੁਰੂ ਕੀਤੀਆਂ 2 ਏ. ਸੀ. ਵੋਲਵੋ ਬੱਸਾਂ ਚੰਡੀਗੜ੍ਹ ਤੋਂ ਅਬਹੋਰ ਇਲਾਕੇ ਜਾਇਆ ਕਰਨਗੀਆਂ, ਜਿਸ ਨਾਲ ਹੁਣ ਲੋਕ ਸਸਤੇ ਅਤੇ ਸੌਖਾਲੇ ਸਫਰ ਦਾ ਆਨੰਦ ਮਾਣ ਸਕਣਗੇ। ਖ਼ਾਸ ਕਰ ਇਸ ਸਸਤੇ ਸਫਰ ਨਾਲ ਜਿੱਥੇ ਲੋਕਾਂ ਦੀ ਜੇਬ ਦਾ ਵਾਧੂ ਬੋਝ ਘਟੇਗਾ, ਉੱਥੇ ਹੀ ਮਹਿਕਮੇ ਦੀ ਆਰਥਿਕ ਸਥਿਤੀ ਵੀ ਹੋਰ ਚੰਗੀ ਹੋਵੇਗੀ। ਹਡਾਣਾ ਨੇ ਕਿਹਾ ਕਿ ਹੁਣ ਤੱਕ ਇਸ ਮਹਿਕਮੇ ਨੂੰ ਅਕਸਰ ਘਾਟੇ ’ਚ ਦਿਖਾਇਆ ਜਾਂਦਾ ਸੀ, ਜਿਸ ਦਾ ਸਭ ਤੋਂ ਵੱਡਾ ਕਾਰਨ 70 ਸਾਲ ਤੋਂ ਕਬਜ਼ਾ ਕਰੀ ਬੈਠੀਆਂ ਸਰਕਾਰਾਂ ਅਤੇ ਮਹਿਕਮੇ ਦੇ ਕੁਝ ਸ਼ਰਾਰਤੀ ਅਨਸਰ ਸਨ, ਜੋ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਘੁਣ ਵਾਂਗ ਖਾ ਰਹੇ ਸਨ। ਇਹ ਹੀ ਨਹੀਂ, ਬਲਕਿ ਸਾਬਕਾ ਸਰਕਾਰਾਂ ਦੀ ਸ਼ਹਿ ’ਤੇ ਮੋਟੇ ਪੈਸੇ ਕਮਾ ਚੁਕੇ ਕੁਝ ਪ੍ਰਾਈਵੇਟ ਬੱਸ ਮਾਲਕ ਦੇਰ ਰਾਤ ਨਾਜਾਇਜ਼ ਬੱਸਾਂ ਚਲਾ ਕੇ ਮਹਿਕਮੇ ਦਾ ਸਿਰ ਦਰਦ ਬਣੇ ਹੋਏ ਸਨ।

ਇਨ੍ਹਾਂ ’ਚੋਂ ਹੁਣ ਤੱਕ 21 ਦੇ ਕਰੀਬ ਪ੍ਰਾਈਵੇਟ ਨਾਜਾਇਜ਼ ਬੱਸਾਂ ਨੂੰ ਫੜ ਕੇ ਸਟੇਟ ਟਰਾਂਸਪੋਰਟ ਤਹਿਤ ਬਣਦੀ ਕਾਰਵਾਈ ਕਰ ਕੇ ਮੋਟਾ ਜੁਰਮਾਨਾ ਜਾ ਬੰਦ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ’ਚ ਕਿਸੇ ਵੀ ਤਰ੍ਹਾਂ ਦੀ ਚੋਰੀ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ ਵੀ ਕੀਤਾ ਗਿਆ ਹੈ। ਹੋਰ ਬੋਲਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਲਗਾਤਾਰ ਚੈਕਿੰਗ ਦੌਰਾਨ ਪੀ. ਆਰ. ਟੀ. ਸੀ. ਦੇ ਵੱਖ-ਵੱਖ ਡਿਪੂਆਂ ਦੇ 16 ਡਰਾਈਵਰਾਂ ਤੋਂ ਅੰਦਾਜ਼ਨ 500 ਲਿਟਰ ਡੀਜ਼ਲ ਚੋਰੀ ਕਰਦੇ ਫੜਿਆ ਗਿਆ, ਜਿਸ ਦੀ ਕੀਮਤ ਲਗਭਗ 42,409 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਡਿਪੂਆਂ ਦੇ 40 ਕੰਡਕਟਰਾਂ ਨੂੰ ਗਬਨ ਦੇ ਕੇਸਾਂ ’ਚ ਚੋਰੀ ਕਰਦੇ ਫੜਿਆ ਗਿਆ, ਜਿਸ ਦੀ ਰਕਮ 3964 ਰੁਪਏ ਬਣਦੀ ਹੈ।

ਇਸ ਤੋਂ ਇਲਾਵਾ ਬੱਸਾਂ ’ਚ ਬਿਨਾਂ ਟਿਕਟ ਸਫਰ ਕਰਦਿਆਂ ਅੰਦਾਜ਼ਨ 524 ਸਵਾਰੀਆਂ ਨੂੰ ਲਗਭਗ 1,21,565 ਰੁਪਏ ਜੁਰਮਾਨਾ ਕੀਤਾ ਗਿਆ ਹੈ। ਮੌਜੂਦਾ ਸਮੇਂ ’ਚ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਸਮੂਹ ਵਰਕਰਾਂ ਨੂੰ ਈਮਾਨਦਾਰੀ ਅਤੇ ਮਹਿਕਮੇ ਦੇ ਵਾਧੇ ਲਈ ਕੰਮ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪਟਿਆਲਾ ਡਿੱਪੂ ਦੇ ਜੀ. ਐੱਮ. ਅਮਨਵੀਰ ਸਿੰਘ ਟਿਵਾਣਾ, ਜਨਰਲ ਮੈਨੇਜਰ ਐੱਮ. ਪੀ. ਸਿੰਘ, ਜਨਰਲ ਮੇਨੈਜਰ ਮਨਿੰਦਰਪਾਲ ਸਿੰਘ ਸਿੱਧੂ, ਐਕਸ਼ੀਅਨ ਜਤਿੰਦਰਪਾਲ ਸਿੰਘ ਗਰੇਵਾਲ, ਰਮਨਜੋਤ ਸਿੰਘ ਪੀ. ਏ. ਟੂ-ਚੇਅਰਮੈਨ, ਹਰਪਿੰਦਰ ਚੀਮਾ ਸਮੇਤ ਅਧਿਕਾਰੀ ਅਤੇ ਵਿਭਾਗ ਦੇ ਕਰਮਚਾਰੀ ਮੌਜੂਦ ਸਨ।


Gurminder Singh

Content Editor

Related News