ਮਾਮਲਾ ਲੜਕੀ ਦੇ ਕਤਲ ਦਾ, ਪੰਜਾਬ ਸਟੂਡੈਂਟਸ ਯੂਨੀਅਨ ਨੇ ਕੀਤਾ ਰੋਸ ਮਾਰਚ

Wednesday, May 09, 2018 - 05:58 PM (IST)


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ) - ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਦੇ ਗੇਟ ਅੱਗੇ ਸੜਕ 'ਤੇ ਜਾਮ ਲਾ ਕੇ ਸ਼ਹਿਰ 'ਚ ਰੋਸ ਮਾਰਚ ਕੀਤਾ। ਇਸ ਮੌਕੇ ਯੂਨੀਅਨ ਦੇ ਜ਼ਿਲਾ ਕਨਵੀਨਰ ਧੀਰਜ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਂਗਰਸੀ ਮੰਤਰੀ ਨੇ ਪਿੰਡ ਫਹਿਤਗੜ੍ਹ ਗਹਿਰੀ 'ਚ ਜ਼ਮੀਨ 'ਤੇ ਨਾਜਾਇਜ ਕਬਜ਼ਾ ਕਰਵਾਉਣ ਦੇ ਮਨਸੂਬੇ ਤਹਿਤ 100 ਦੇ ਕਰੀਬ ਗੁੰਡੇ ਸੱਦੇ ਸਨ। ਇਸ ਸੰਬੰਧੀ ਸੂਚਨਾ ਪੀੜਤ ਪਰਿਵਾਰ ਨੇ ਪੁਲਸ ਨੂੰ ਦਿੱਤੀ ਤਾਂ ਪੁਲਸ ਵੀ ਗੁੰਡਿਆ ਨਾਲ ਰਲ ਗਈ ਅਤੇ ਉਨ੍ਹਾਂ ਨੇ ਪਰਿਵਾਰ ਦੀ ਕੋਈ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਗੁੰਡਿਆ ਨੇ ਪੀੜਤ ਪਰਿਵਾਰ ਦੇ ਘਰ ਜਾ ਕੇ ਅੰਧਾਧੁੰਦ ਗੋਲੀਆ ਚਲਾ ਦਿੱਤੀਆਂ, ਜਿਸ 'ਚ ਲੜਕੀ ਲਛਮੀ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਵਿਅਕਤੀ ਗੋਲੀਆ ਲੱਗਣ ਨਾਲ ਜ਼ਖਮੀ ਹੋ ਗਏ।
ਇਸ ਮੌਕੇ ਉਨ੍ਹਾਂ ਨੇ ਦੋਸ਼ ਲਾਉਦਿਆਂ ਕਿਹਾ ਕਿ ਕਾਂਗਰਸੀ ਮੰਤਰੀ ਦੀ ਸ਼ਹਿ 'ਤੇ ਸ਼ੇਰਆਮ ਗੁੰਡਾਗਰਦੀ ਦਾ ਨੰਗਾ ਨਾਚ ਚੱਲਦਾ ਰਿਹਾ ਹੈ।  ਆਗੂਆਂ ਨੇ ਕਿਹਾ ਕਿ ਮਰਨ ਵਾਲੀ ਲੜਕੀ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ. ਏ ਭਾਗ ਦੂਜਾ ਦੀ ਵਿਦਿਆਰਥਣ ਸੀ ਤੇ ਜਿਸ ਦਾ ਅੱਜ ਪੇਪਰ ਸੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਹੋਣ ਕਰਕੇ ਕਾਂਗਰਸੀਆਂ ਦੀ ਕਥਿਤ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ ਤੇ ਪੁਲਸ ਪ੍ਰਸ਼ਾਸਨ ਉਨ੍ਹਾਂ ਦਾ ਪੱਖ ਪੂਰ ਰਿਹਾ ਹੈ। ਪੀ. ਐਸ. ਯੂ ਦੇ ਜ਼ਿਲਾ ਆਗੂ ਸੁਖਮੰਦਰ ਕੌਰ, ਮਨਪ੍ਰੀਤ ਮੱਲਾਵਾਲਾ, ਸਤਵੀਰ ਕੌਰ ਹਨੀ ਮਹਾਂਬੱਧਰ, ਖੁਸ਼ ਅਕਾਲਗੜ੍ਹ ਅਤੇ ਜਗਜੀਤ ਚੱਕ ਆਦਿ ਆਗੂਆਂ ਨੇ ਕਿਹਾ ਕਿ ਐਨਾ ਘਣਾਉਣਾ ਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। 
ਇਸ ਮੌਕੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਇਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸੇ ਦੌਰਾਨ ਥਾਣਾ ਸਦਰ ਦੇ ਇੰਸਪੈਕਟਰ ਪੈਰੀਵਿੰਕਲ ਸਿੰਘ ਮੌਕੇ 'ਤੇ ਪੁੱਜੇ ਤੇ ਧਰਨਾਕਾਰੀਆਂ 'ਚੋਂ ਕੁਝ ਆਗੂਆਂ ਨੂੰ ਆਪਣੇ ਨਾਲ ਲਿਜਾ ਕੇ ਡੀ. ਐਸ. ਪੀ ਗੁਰਦੀਪ ਸਿੰਘ ਨਾਲ ਗੱਲਬਾਤ ਕਰਵਾਈ, ਜਿਸ ਦੌਰਾਨ ਉਨ੍ਹਾਂ ਨੇ ਯੂਨੀਅਨ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤੇ ਦੋਸ਼ੀਆ ਵਿਰੁੱਧ ਕਾਰਵਾਈ ਵੀ ਕਰਵਾਈ ਜਾਵੇਗੀ।


Related News