ਚੋਰੀ ਦੇ ਸ਼ੱਕ ’ਚ ਫਡ਼ੇ ਨੌਜਵਾਨ ਦੇ ਵਾਰਿਸਾਂ ਵੱਲੋਂ ਦੁਕਾਨ ਅੱਗੇ ਧਰਨਾ

06/24/2018 8:00:05 AM

 ਧਨੌਲਾ (ਰਵਿੰਦਰ) - ਕੱਪਡ਼ੇ ਦੀ ਦੁਕਾਨ ਵਿਚੋਂ 17 ਜੂਨ ਦੀ ਰਾਤ ਨੂੰ ਸਾਢੇ ਤਿੰਨ ਲੱਖ ਦੀ ਨਕਦੀ ਦੀ ਹੋਈ ਚੋਰੀ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋਡ਼ ਲੈ ਲਿਆ ਜਦੋਂ ਉਕਤ ਦੁਕਾਨ ’ਤੇ ਕੰਮ ਕਰਦੇ ਚਾਰ ਲਡ਼ਕਿਆਂ ਨੂੰ ਪੁਲਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ ਪਰ  3 ਲਡ਼ਕਿਆਂ ਨੂੰ ਨਿਰਦੋਸ਼ ਕਰਾਰ ਦੇ ਕੇ ਛੱਡ ਦਿੱਤਾ ਜਦੋਂਕਿ ਇਕ ਲਡ਼ਕਾ ਰਾਮ ਲਾਲ ਪੁੱਤਰ ਜਗਰਾਜ ਸਿੰਘ ਮਾਨਪੱਤੀ ਨੂੰ ਮੁੜ ਗ੍ਰਿਫਤਾਰ ਕਰ ਲਿਆ, ਜਿਸ ਤੋਂ ਖਫਾ ਹੋਏ ਉਸਦੇ ਵਾਰਿਸਾਂ ਨੇ ਆਪਣੇ ਹਮਾਇਤੀਆਂ ਸਮੇਤ ਉਕਤ ਦੁਕਾਨ ਅੱਗੇ ਧਰਨਾ ਲਾ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
 ਗ੍ਰਿਫਤਾਰ ਕੀਤੇ ਲਡ਼ਕੇ ਦੇ ਪਿਤਾ ਜਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ  ਦਾ ਲਡ਼ਕਾ ਕਾਫੀ ਸਮੇਂ ਤੋਂ ਉਕਤ ਦੁਕਾਨ ’ਤੇ ਕੰਮ ਕਰ ਰਿਹਾ ਹੈ ਅਤੇ ਬੈਂਕ ਵਿਚ ਕੈਸ਼ ਜਮ੍ਹਾ ਵੀ ਮਾਲਕ ਦੇ ਕਹਿਣ ’ਤੇ ਕਰਵਾਉਂਦਾ ਰਿਹਾ ਹੈ। ਉਸ ਦੇ ਮਨ ਵਿਚ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਆਈ ਅਤੇ  ਉਸਨੇ ਦੁਕਾਨ ਦਾ ਕਦੇ ਵੀ ਇਕ ਪੈਸੇ ਦਾ  ਨੁਕਸਾਨ ਨਹੀਂ ਕੀਤਾ।  ਉਨ੍ਹਾਂ  ਕਿਹਾ  ਕਿ ਲਡ਼ਕੇ ਨੂੰ ਦੁਕਾਨ ਮਾਲਕ ਵੱਲੋਂ ਬਿਨਾਂ ਵਜ੍ਹਾ ਫਸਾਇਆ ਜਾ ਰਿਹਾ  ਹੈ, ਜਿਸ ਕਾਰਨ ਉਨ੍ਹਾਂ ਨੂੰ  ਰੋਸ ਜ਼ਾਹਿਰ ਕਰਨਾ ਪੈ ਰਿਹਾ ਹੈ।
ਇਸ ਮੌਕੇ ਪੁੱਜੇ ਕਾ. ਸ਼ੇਰ ਸਿੰਘ ਫਰਵਾਹੀ, ਜਥੇ. ਬੰਤ ਸਿੰਘ ਭੰਗੂ, ਕਾ. ਸਵਰਨ ਸਿੰਘ, ਸੁਰਿੰਦਰ ਕੁਮਾਰ ਦਾਨਗਡ਼੍ਹੀਆ, ਜਗਤਾਰ ਸਿੰਘ ਦਾਨਗਡ਼੍ਹ ਨੇ ਕਿਹਾ ਕਿ ਥਾਣਾ ਮੁਖੀ ਨਾ ਹੋਣ ਕਾਰਨ ਕੋਈ ਫੈਸਲਾ ਨਾ ਹੋਣ ਕਰ ਕੇ  ਦੋਵਾਂ ਧਿਰਾਂ ਨੂੰ ਆਪਣੀ ਗੱਲ ਕਹਿਣ ਲਈ 24 ਜੂਨ ਦਾ ਸਮਾਂ ਦਿੱਤਾ ਗਿਆ ਹੈ। ਪਡ਼ਤਾਲੀਆ ਅਫਸਰ ਬਲਕਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਛੁੱਟੀ ’ਤੇ ਹਨ, ਉਨ੍ਹਾਂ ਦੇ ਪਰਤਣ ’ਤੇ ਹੀ ਅਗਲਾ ਕਦਮ ਪੁੱਟਿਆ ਜਾਵੇਗਾ।
ਮੇਰਾ ਤਾਂ ਦੁੱਗਣਾ ਨੁਕਸਾਨ ਹੋ ਗਿਐ : ਦੁਕਾਨਦਾਰ : ਉਧਰ ਦੁਕਾਨ ਮਾਲਕ ਮਿੱਠੂ ਸਿੰਘ ਦਾ ਕਹਿਣਾ ਹੈ ਕਿ ਮੇਰਾ ਤਾਂ ਦੁੱਗਣਾ ਨੁਕਸਾਨ ਹੋ ਗਿਆ ਹੈ। ਚੋਰੀ ਵੀ ਹੋ ਗਈ ਅਤੇ ਧਰਨਾ ਲੱਗਣ ਕਾਰਨ ਜੋ ਥੋਡ਼੍ਹੀ-ਬਹੁਤੀ ਸੇਲ ਹੁੰਦੀ ਸੀ, ਉਹ ਵੀ ਬੰਦ ਹੋ ਗਈ। ਮੈਂ ਕਿਸੇ ਦਾ ਵੀ ਨਾਂ ਚੋਰੀ ਕਰਨ ’ਚ ਨਹੀਂ ਲਿਆ।  ਚੋਰੀ ਕਿਸ ਨੇ ਕੀਤੀ ਹੈ, ਇਹ  ਲੱਭਣਾ  ਪੁਲਸ ਦਾ ਕੰਮ ਹੈ। ਮੇਰੀ ਦੁਕਾਨ ਅੱਗੇ ਧਰਨਾ ਲਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ, ਝੰਡਾ ਸਿੰਘ, ਗੁਰਬਖਸ਼ੀਸ਼ ਸਿੰਘ, ਜਥੇਦਾਰ ਬੰਤ ਸਿੰਘ, ਸ਼ੇਰ ਸਿੰਘ, ਸਵਰਨ ਸਿੰਘ, ਸੁਰਿੰਦਰ ਕੁਮਾਰ, ਗੁਰਨਾਮ ਕੌਰ, ਜਸਵੀਰ ਕੌਰ, ਗੁਰਦਿਆਲ ਕੌਰ, ਸਿਮਰਤ ਕੌਰ, ਬਲਜੀਤ ਸਿੰਘ ਆਦਿ ਹਾਜ਼ਰ ਸਨ।


Related News