ਪੰਜਾਬ ਦੇ Main ਹਾਈਵੇਅ 'ਤੇ ਲੱਗਾ ਪੱਕਾ ਧਰਨਾ, ਇੱਧਰ ਆਉਣ ਵਾਲੇ ਦੇਣ ਧਿਆਨ, ਜਾਮ 'ਚ ਨਾ ਫਸ ਜਾਇਓ (ਤਸਵੀਰਾਂ)

Thursday, Apr 04, 2024 - 11:01 AM (IST)

ਸਮਰਾਲਾ (ਗਰਗ, ਬੰਗੜ) : ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ’ਚ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਦੇ ਵਸਨੀਕਾਂ ਵੱਲੋਂ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਕੁੱਝ ਦਿਨ ਪਹਿਲਾਂ ‘ਸਾਡੇ ਘਰ ਤੇ ਸਾਡੇ ਪਿੰਡ ਵਿਕਾਊ’ ਦੇ ਪੋਸਟਰ ਲਾਉਣ ਵਾਲੇ ਇਨ੍ਹਾਂ ਤਿੰਨ ਪਿੰਡਾਂ ਦੇ ਸੰਘਰਸ਼ ’ਚ ਆਸ-ਪਾਸ ਦੇ ਤਕਰੀਬਨ 10 ਪਿੰਡ ਸ਼ਾਮਲ ਹੋ ਗਏ ਹਨ। ਹਾਲਾਂਕਿ 2 ਸਾਲ ਤੋਂ ਲੱਗ ਰਹੀ ਇਸ ਫੈਕਟਰੀ ਦੇ ਵਿਰੋਧ ’ਚ ਇਨ੍ਹਾਂ ਪਿੰਡਾਂ ਦੇ ਲੋਕ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਪਰ ਹੁਣ ਕੋਈ ਹੱਲ ਨਾ ਨਿਕਲਦਾ ਵੇਖ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ’ਚ ਖਾਣ-ਪੀਣ ਦਾ ਸਾਮਾਨ ਅਤੇ ਹੋਰ ਰਾਸ਼ਨ ਭਰ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਲੈ ਆਏ ਅਤੇ ਉੱਥੇ ਪੱਕੇ ਧਰਨੇ ’ਤੇ ਬੈਠ ਗਏ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਫੈਕਟਰੀ ਬੰਦ ਕਰਨ ਦੀ ਮੰਗ ਨੂੰ ਲੈ ਕੇ ਭਾਵੇਂ ਉਹ ਪਹਿਲਾਂ ਵੀ ਅਨੇਕਾਂ ਧਰਨੇ ਲਾ ਚੁੱਕੇ ਹਨ ਪਰ ਹੁਣ ਇਹ ਧਰਨਾ ਉਦੋਂ ਹੀ ਚੁੱਕਿਆ ਜਾਵੇਗਾ, ਜਦੋਂ ਫੈਕਟਰੀ ਨੂੰ ਪੱਕੇ ਤੌਰ ’ਤੇ ਤਾਲੇ ਲੱਗ ਜਾਣਗੇ।

ਇਹ ਵੀ ਪੜ੍ਹੋ : 1 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਰਕਾਰੀ ਦਫ਼ਤਰ, ਬੋਰਡ ਤੇ ਹੋਰ ਅਦਾਰੇ

PunjabKesari
ਵੱਧ ਜਾਵੇਗਾ ਪ੍ਰਦੂਸ਼ਣ, ਜਿਊਣਾ ਹੋ ਜਾਵੇਗਾ ਮੁਹਾਲ
ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫ਼ੀ ਜ਼ਿਆਦਾ ਵੱਧ ਜਾਵੇਗਾ। ਇਸ ਨਾਲ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਇਸ ਧਰਨੇ ’ਚ ਕਿਸਾਨ ਤੇ ਸਿਆਸੀ ਆਗੂ ਵੀ ਪੁੱਜੇ। ਇੱਥੋਂ ਤੱਕ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ’ਚ ਪ੍ਰਦੂਸ਼ਣ ਦਾ ਪੱਧਰ ਵਧੇਗਾ, ਜਦੋਂ ਕਿ ਪਹਿਲਾਂ ਉਨ੍ਹਾਂ ਦਾ ਪੂਰਾ ਇਲਾਕਾ ਗਰੀਨ ਜ਼ੋਨ ’ਚ ਹੈ। ਪਲਾਂਟ ਤੋਂ ਸਾਰੇ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ ਤੇ ਬਿਮਾਰੀਆਂ ਫੈਲਣ ਦਾ ਡਰ ਰਹੇਗਾ।

PunjabKesari

ਕੁੱਝ ਦੂਰੀ ’ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ’ਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ, ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ। ਉਨ੍ਹਾਂ ਨੂੰ ਪਿੰਡ ਦੇ ਮੇਨ ਰਸਤਿਆਂ ਅਤੇ ਘਰਾਂ ਦੇ ਬਾਹਰ ‘ਘਰ ਅਤੇ ਪਿੰਡ ਵਿਕਾਊ ਹਨ’ ਦੇ ਪੋਸਟਰ ਲਾਉਣ ਦੀ ਲੋੜ ਇਸ ਲਈ ਪਈ ਹੈ ਬਾਇਓਗੈਸ ਫੈਕਟਰੀ ਸ਼ੁਰੂ ਹੋਣ ਨਾਲ ਮੁਸ਼ਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਟੱਪਰੀਆ ਅਤੇ ਖੀਰਨੀਆਂ ਦੀ ਹਵਾ ਤੇ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਫਿਰ ਇਹ ਪਿੰਡ ਵਾਸੀਆਂ ਦੀ ਸਿਹਤ ਲਈ ਵੀ ਖ਼ਤਰਨਾਕ ਸਾਬਤ ਹੋਵੇਗਾ ਅਤੇ ਮਨੁੱਖੀ ਜੀਵਨ ਜਿਊਣ ਯੋਗ ਨਹੀਂ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਦਾ Main ਨੈਸ਼ਨਲ ਹਾਈਵੇਅ ਹੋ ਗਿਆ ਬੰਦ, ਇੱਧਰ ਜਾ ਰਹੇ ਹੋ ਤਾਂ ਜ਼ਰਾ ਧਿਆਨ ਨਾਲ (ਤਸਵੀਰਾਂ)
ਕਿਸੇ ਵੀ ਹਾਲਤ ’ਚ ਨਹੀਂ ਚੱਲਣ ਦਿਆਂਗੇ ਪਲਾਂਟ : ਵਿਧਾਇਕ
ਇਸ ਧਰਨੇ ’ਚ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਟੀਮ ਦੇ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਅਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਕਿ ਇਹ ਫੈਕਟਰੀ ਕਿਸੇ ਵੀ ਹਾਲਤ ’ਚ ਨਹੀਂ ਚੱਲੇਗੀ।
ਧਰਨਾਕਾਰੀਆਂ ਨੇ ਲੁਧਿਆਣਾ ਹਾਈਵੇ ’ਤੇ ਹੀ ਗੱਡ ਲਏ ਤੰਬੂ
ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ’ਚ ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਬੁੱਧਵਾਰ ਸਵੇਰ ਤੋਂ ਹੀ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਰੀਬ 10 ਪਿੰਡਾਂ ਦੇ ਲੋਕਾਂ ਨੇ ਦਿਨ ਢਲਦਿਆਂ ਹੀ ਸੜਕ ਕਿਨਾਰੇ ਤੰਬੂ ਗੱਡ ਲਏ। ਰਾਤ ਦੇ ਲੰਗਰ ਨੂੰ ਪਕਾਉਣ ਦੀ ਤਿਆਰੀ ਵੀ ਸੇਵਾਦਾਰਾਂ ਵੱਲੋਂ ਆਰੰਭ ਦਿੱਤੀ ਗਈ ਹੈ। ਹਾਲਾਂਕਿ ਸਵੇਰ ਤੋਂ ਹੀ ਸਥਾਨਕ ਪ੍ਰਸ਼ਾਸਨ ਇਸ ਮੁਸ਼ਕਲ ਦਾ ਹੱਲ ਕੱਢਣ ’ਚ ਜੁੱਟਿਆ ਹੋਇਆ ਸੀ ਪਰ ਦੇਰ ਸ਼ਾਮ ਤੱਕ ਸਿਰਫ਼ ਇਸ ਗੱਲ ’ਤੇ ਹੀ ਸਹਿਮਤੀ ਬਣ ਸਕੀ ਹੈ ਕਿ ਆਮ ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆ ਆਵਾਜਾਈ ਲਈ ਹਾਈਵੇਅ ਦਾ ਇਕ ਪਾਸਾ ਖੋਲ੍ਹ ਦਿੱਤਾ ਜਾਵੇ।

PunjabKesari

ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਨੂੰ ਖ਼ਦਸ਼ਾ ਹੈ ਕਿ ਗੈਸ ਪਲਾਂਟ ਚਾਲੂ ਹੋਣ ਨਾਲ ਸਿਹਤ ਤੇ ਵਾਤਾਵਰਣ ਖ਼ਰਾਬ ਹੋਣ ਦਾ ਖ਼ਤਰਾ ਹੈ ਅਤੇ ਨਾਲ ਹੀ ਭਵਿੱਖ ’ਚ ਉਨ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਵੀ ਸਕਦਾ ਹੈ। ਇਸ ’ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਤਿੰਨ ਵੱਖੋ-ਵੱਖਰੇ ਵਿਭਾਗਾ ਦੇ ਅਧਿਕਾਰੀਆਂ ਦਾ ਪੈਨਲ ਬਣਾ ਕੇ ਇਕ ਹਫ਼ਤੇ ’ਚ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਪੈਨਲ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਇਓਗੈਸ ਮਾਹਿਰ, ਮੁੱਖ ਖੇਤੀਬਾੜੀ ਅਫ਼ਸਰ ਅਤੇ ਪ੍ਰਦੂਸ਼ਣ ਬੋਰਡ ਦੇ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਦੇਰ ਸ਼ਾਮ ਨੂੰ ਹਾਈਵੇ ਦਾ ਇਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਧਰਨਾਕਾਰੀਆਂ ਦਾ ਆਖਣਾ ਹੈ ਕਿ ਪ੍ਰਸਾਸ਼ਨ ਉਨ੍ਹਾਂ ਦੀ ਮੰਗ ਨੂੰ ਲੈ ਕੇ ਕੁੱਝ ਗੰਭੀਰ ਨਜ਼ਰ ਆ ਰਿਹਾ ਹੈ। ਇਸ ਲਈ ਪ੍ਰਸਾਸ਼ਨ ਦੀ ਅਪੀਲ ’ਤੇ ਉਨ੍ਹਾਂ ਨੇ ਸਿਰਫ਼ ਆਰਜ਼ੀ ਤੌਰ ’ਤੇ ਹੀ ਇੱਕ ਪਾਸੇ ਦੀ ਆਵਾਜਾਈ ਖੋਲ੍ਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News