ਵਾਟਰ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਵਿਰੁੱਧ ਰੋਸ ਵਿਖਾਵਾ

Sunday, Jul 08, 2018 - 01:11 AM (IST)

ਵਾਟਰ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਵਿਰੁੱਧ ਰੋਸ ਵਿਖਾਵਾ

ਗਡ਼੍ਹਦੀਵਾਲਾ, (ਜਤਿੰਦਰ)- ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਅੱਜ ਇਥੇ ਇਕ ਮੀਟਿੰਗ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ,  ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਿੰਡਾਂ ਦੀਆਂ ਵਾਟਰ ਸਪਲਾਈ ਸਕੀਮਾਂ ਨੂੰ ਸਰਕਾਰ ਵੱਲੋਂ ਪੰਚਾਇਤਾਂ ਹਵਾਲੇ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ  ਨਿੰਦਾ ਕਰਦਿਆਂ ਰੋਸ  ਵਿਖਾਵਾ  ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਹਡ਼ੀਆਂ ਵਾਟਰ ਸਪਲਾਈ ਸਕੀਮਾਂ ਪਹਿਲਾਂ ਪੰਚਾਇਤਾਂ ਹਵਾਲੇ ਕੀਤੀਆਂ ਗਈਆਂ ਹਨ, ਉਹ ਚੱਲਣ ਤੋਂ ਵੀ ਅਸਮਰੱਥ ਹਨ। ਪੰਚਾਇਤਾਂ ਵੱਲੋਂ ਉਕਤ ਸਕੀਮਾਂ ਦੀਆਂ ਟੁੱਟੀਆਂ ਸਪਲਾਈ ਲਾਈਨਾਂ ਦੀ ਮੁਰੰਮਤ ਤੋਂ ਵੀ ਅਸਮਰੱਥਾ ਪ੍ਰਗਟਾਈ ਜਾ ਰਹੀ ਹੈ ਅਤੇ ਪੈਸਿਆਂ ਦੀ ਘਾਟ ਕਾਰਨ ਬਿਜਲੀ ਦੇ ਬਿੱਲ ਵੀ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਉਹ ਬੰਦ ਪਈਆਂ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ  ਵਾਟਰ ਸਪਲਾਈ ਸਕੀਮਾਂ ਦਾ ਪੰਚਾੲਿਤੀਕਰਨ ਕਰ ਕੇ ਆਮ ਲੋਕਾਂ ਦੇ ਮੂੰਹ ਵਿਚੋਂ ਪਾਣੀ ਵੀ ਖੋਹਿਆ ਜਾ ਰਿਹਾ ਹੈ। 
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜੀਤ ਰਾਮ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ’ਤੇ 200 ਰੁਪਏ ਪ੍ਰਤੀ ਮਹੀਨਾ ਜੋ  ਵਿਕਾਸ  ਟੈਕਸ  ਰੂਪੀ ਜਜ਼ੀਆ ਲਾਇਆ ਗਿਆ ਹੈ, ਜਥੇਬੰਦੀ ਉਸ ਦੀ ਪੂਰੀ ਵਿਰੋਧਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਟਰ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਯੋਜਨਾ  ਵਿਰੁੱਧ 19 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਜੋ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਉਸ ਵਿਚ ਟਾਂਡਾ-ਗਡ਼੍ਹਦੀਵਾਲਾ ਤੋਂ ਵੱਡੀ ਗਿਣਤੀ ਵਿਚ ਵਰਕਰ ਸ਼ਮੂਲੀਅਤ ਕਰਨਗੇ। ਮੀਟਿੰਗ ’ਚ ਅਵਤਾਰ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ, ਫੁੰਮਣ ਸਿੰਘ, ਦਲਜੀਤ ਸਿੰਘ, ਰਵਿੰਦਰ ਕੁਮਾਰ, ਸਤੀਸ਼ ਕੁਮਾਰ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਰਘਵੀਰ ਸਿੰਘ, ਸਰਵਣ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ, ਜਗੀਰ ਸਿੰਘ, ਸੰਦੀਪ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
 


Related News