ਬਰਸਾਤ ਦੇ ਮੌਸਮ ਸਬੰਧੀ ਸਿਵਲ ਸਰਜਨ ਵੱਲੋਂ ਐਡਵਾਈਜ਼ਰੀ ਜਾਰੀ

Friday, Aug 07, 2026 - 03:48 PM (IST)

ਬਰਸਾਤ ਦੇ ਮੌਸਮ ਸਬੰਧੀ ਸਿਵਲ ਸਰਜਨ ਵੱਲੋਂ ਐਡਵਾਈਜ਼ਰੀ ਜਾਰੀ

ਫਰੀਦਕੋਟ (ਜਸਬੀਰ ਕੌਰ ਜੱਸੀ/ਬਾਂਸਲ) : ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਨਹਿੱਤ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਬਰਸਾਤ ਦੇ ਮੌਸਮ ਵਿਚ ਫੈਲਣ ਵਾਲੀਆਂ ਬਿਮਾਰੀਆਂ ਦੇ ਕਾਰਨ, ਲੱਛਣਾਂ ਅਤੇ ਬਚਾਅ ਸਬੰਧੀ ਜਾਗਰੂਕਤਾ ਪਰਚਾ ਵੀ ਜਾਰੀ ਕੀਤਾ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਦੀਪਤੀ ਅਰੋੜਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ, ਸੁਪਰਡੈਂਟ ਜਗਸੀਰ ਸਿੰਘ ਖਾਰਾ ਆਦਿ ਹਾਜ਼ਰ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਮਨਦੀਪ ਸਿੰਗਲਾ ਨੇ ਦੱਸਿਆ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਦਸਤ ਰੋਗ, ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਹਲਕਾ ਬੁਖਾਰ, ਸਰੀਰ ਅਤੇ ਪੇਟ ਵਿਚ ਦਰਦ ਹੋਣ ਦਿਨ ਵਿਚ 3 ਵਾਰ ਤੋਂ ਜ਼ਿਆਦਾ ਪਤਲੇ ਦਸਤ ਆਉਣ, ਭੁੱਖ ਨਾ ਲੱਗਣਾ, ਉਲਟੀ ਜਾਂ ਅਵਤ ਆਉਣੇ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ ਬਰਸਾਤ ਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣ ਹਨ । ਇਸ ਤੋਂ ਬਚਾਅ ਲਈ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀਣ ਦਾ ਪਾਣੀ ਸਾਫ਼ ਭਾਂਡੇ ਵਿਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ। ਖੁੱਲ੍ਹੇ ਮੈਦਾਨ ਵਿਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਦਸਤ ਰੋਗ ਲੱਗਣ ਤੇ ਓ.ਆਰ.ਐੱਸ ਦਾ ਘੋਲ ਅਤੇ ਜ਼ਿੰਕ ਦੀ ਵਰਤੋਂ ਕਰੋ। 


author

Gurminder Singh

Content Editor

Related News