ਯੂ. ਪੀ. ਤੋਂ ਨਸ਼ਾ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਵਾਲੇ ਮੁਲਜ਼ਮ ਚੜ੍ਹੇ ਪੁਲਸ ਅੜਿੱਕੇ
Monday, Aug 03, 2026 - 04:38 PM (IST)
ਫ਼ਤਹਿਗੜ੍ਹ ਸਾਹਿਬ (ਬਿਪਨ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. (CIA) ਸਟਾਫ ਸਰਹਿੰਦ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਸ ਨੇ ਇਕ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਕਰੀਬ 14 ਹਜ਼ਾਰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੀ ਟੀਮ ਵੱਲੋਂ ਦਾਣਾ ਮੰਡੀ ਸਰਹਿੰਦ ਵਿਖੇ ਨਾਕਾਬੰਦੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ, ਤਾਂ ਕਾਰ ਵਿਚੋਂ ਕਰੀਬ 14 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੌਕੇ 'ਤੇ ਹੀ ਪੁਲਸ ਨੇ ਕਾਰ ਸਵਾਰ ਦੋਵੇਂ ਦੋਸ਼ੀਆਂ—ਗੁਰਵਿੰਦਰ ਸਿੰਘ (ਵਾਸੀ ਪਿੰਡ ਰਸੂਲਪੁਰਾ) ਅਤੇ ਅਮਨਦੀਪ ਸਿੰਘ (ਵਾਸੀ ਚੱਕ ਹੀਰਾ ਸਿੰਘ ਵਾਲਾ, ਥਾਣਾ ਸੰਗਰੀਆ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਉੱਤਰ ਪ੍ਰਦੇਸ਼ (UP) ਤੋਂ ਸਸਤੇ ਭਾਅ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਸਨ।
ਡੀ.ਐਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਖੇਪ ਕਿਸ ਕੋਲੋਂ ਖਰੀਦੀ ਗਈ ਸੀ ਅਤੇ ਪੰਜਾਬ ਵਿੱਚ ਇਹ ਕਿਨ੍ਹਾਂ-ਕਿਨ੍ਹਾਂ ਵਿਅਕਤੀਆਂ ਨੂੰ ਵੇਚੀ ਜਾਣੀ ਸੀ, ਤਾਂ ਜੋ ਇਸ ਨਸ਼ਾ ਸਮੱਗਲਿੰਗ ਦੇ ਪੂਰੇ ਨੈੱਟਵਰਕ ਨੂੰ ਤੋੜਿਆ ਜਾ ਸਕੇ।
