ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਜੈਪੁਰਾ ਵਾਸੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
Tuesday, Apr 07, 2026 - 04:43 PM (IST)
ਖੰਨਾ (ਵਿਪਨ): ਦੋਰਾਹਾ ਦੇ ਪਿੰਡ ਜੈਪੁਰਾ ਨੇੜੇ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਠੇਕੇ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਠੇਕਾ ਜੈਪੁਰਾ ਦੀ ਹਦੂਦ ਅੰਦਰ ਆਉਂਦਾ ਹੈ, ਪਰ ਇਸ ਸਬੰਧੀ ਪੰਚਾਇਤ ਤੋਂ ਕੋਈ ਵੀ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਥਾਂ ਤੋਂ ਦੋ ਪਿੰਡਾਂ ਜੈਪੁਰਾ ਅਤੇ ਚਣਕੋਈਆਂ ਦੇ ਲੋਕ ਰੋਜ਼ਾਨਾ ਆਉਣ-ਜਾਣ ਕਰਦੇ ਹਨ, ਜਿਸ ਕਾਰਨ ਠੇਕਾ ਖੁੱਲ੍ਹਣ ਨਾਲ ਵੱਡੀ ਸਮੱਸਿਆ ਪੈਦਾ ਹੋਵੇਗੀ।
ਲੋਕਾਂ ਨੇ ਚਿੰਤਾ ਜਤਾਈ ਕਿ ਇਸ ਰਾਹ ਰਾਹੀਂ ਸਕੂਲੀ ਬੱਚੇ, ਕਾਲਜ ਦੀਆਂ ਵਿਦਿਆਰਥਣਾਂ ਅਤੇ ਪਿੰਡਾਂ ਦੀਆਂ ਮਹਿਲਾਵਾਂ ਲੰਘਦੀਆਂ ਹਨ। ਠੇਕਾ ਖੁੱਲ੍ਹਣ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਲਾਕੇ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਥਾਵਾਂ ’ਤੇ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਅਕਸਰ ਲੜਾਈ-ਝਗੜੇ ਵਧਦੇ ਹਨ, ਜੋ ਸਮਾਜ ਲਈ ਨੁਕਸਾਨਦਾਇਕ ਹਨ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਪੱਕੇ ਤੌਰ ’ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ੇ
