ਸਹੇਲੀ ਦੇ ਇਸ਼ਕ ''ਚ ਅੰਨ੍ਹੇ ਪਤੀ ਨੇ ਢਾਹਿਆ ਕਹਿਰ! ਗਰਭਵਤੀ ਪਤਨੀ ਨੂੰ ਪਿਲਾ ਦਿੱਤਾ ਜ਼ਹਿਰ, ਵਾਪਰ ਗਈ ਅਣਹੋਣੀ

Wednesday, Aug 05, 2026 - 02:00 PM (IST)

ਸਹੇਲੀ ਦੇ ਇਸ਼ਕ ''ਚ ਅੰਨ੍ਹੇ ਪਤੀ ਨੇ ਢਾਹਿਆ ਕਹਿਰ! ਗਰਭਵਤੀ ਪਤਨੀ ਨੂੰ ਪਿਲਾ ਦਿੱਤਾ ਜ਼ਹਿਰ, ਵਾਪਰ ਗਈ ਅਣਹੋਣੀ

ਲੁਧਿਆਣਾ (ਰਾਜ)- ਸ਼ਿਮਲਾਪੁਰੀ ਇਲਾਕੇ ’ਚ ਇਕ ਪਤੀ ਵੱਲੋਂ ਆਪਣੀ ਗਰਭਵਤੀ ਪਤਨੀ ਨੂੰ ਰਸਤੇ ਤੋਂ ਹਟਾਉਣ ਅਤੇ ਅਣਜੰਮੇ ਬੱਚੇ ਨੂੰ ਮਾਰਨ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਮੁਲਜ਼ਮ ਪਤੀ ਨੇ ਆਪਣੀ ਗਰਲਫ਼੍ਰੈਂਡ ਦੇ ਚੱਕਰ ’ਚ ਆ ਕੇ ਆਪਣੀ ਡੇਢ ਮਹੀਨੇ ਦੀ ਗਰਭਵਤੀ ਪਤਨੀ ਨੂੰ ਧੋਖੇ ਨਾਲ ਜੂਸ ’ਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ। ਜ਼ਹਿਰ ਦੇ ਅਸਰ ਨਾਲ ਮਹਿਲਾ ਦੇ ਢਿੱਡ ’ਚ ਮਾਸੂਮ ਬੱਚੇ ਦੀ ਮੌਤ ਹੋ ਗਈ। ਪੀੜਤਾਂ ਦੀ ਸ਼ਿਕਾਇਤ ’ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤਾਂ ਹਰਲੀਨ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ 1 ਦਸੰਬਰ 2024 ਨੂੰ ਮੁਲਜ਼ਮ ਸੁਖਵਿੰਦਰ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ। ਕਰੀਬ ਇਕ ਸਾਲ ਤੱਕ ਸਭ ਠੀਕ ਰਿਹਾ ਪਰ ਇਸ ਤੋਂ ਬਾਅਦ ਮੁਲਜ਼ਮ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਕਰਨ ਲੱਗਾ। ਹਰਲੀਨ ਨੇ ਦੱਸਿਆ ਕਿ ਉਹ ਪਹਿਲਾਂ ਏਅਰਟੈੱਲ ਕੰਪਨੀ ’ਚ ਨੌਕਰੀ ਕਰਦੀ ਸੀ ਪਰ ਮੁਲਜ਼ਮ ਨੇ ਉਸ ਦੀ ਨੌਕਰੀ ਵੀ ਛੁਡਵਾ ਦਿੱਤੀ ਤੇ ਉਸ ਦੀ ਜਮ੍ਹਾਂ ਪੂੰਜੀ ਵੀ ਹੜੱਪ ਲਈ।

ਪੀੜਤਾਂ ਅਨੁਸਾਰ ਜਦੋਂ ਉਹ ਡੇਢ ਮਹੀਨੇ ਦੀ ਗਰਭਵਤੀ ਹੋਈ ਅਤੇ ਉਸ ਨੇ ਇਹ ਖ਼ੁਸ਼ਖ਼ਬਰੀ ਆਪਣੇ ਪਤੀ ਨੂੰ ਦਿੱਤੀ ਤਾਂ ਮੁਲਜ਼ਮ ਦੀ ਨੀਅਤ ਬਦਲ ਗਈ। ਉਸ ਨੇ ਸਾਫ਼ ਕਿਹਾ ਕਿ ਮੈਨੂੰ ਨਾ ਤੂੰ ਚਾਹੀਦੀ ਹੈ ਤੇ ਨਾ ਹੀ ਇਹ ਬੱਚਾ। ਜਦੋਂ ਪੀੜਤਾਂ ਨੇ ਕਾਰਨ ਪੁੱਛਿਆ ਤਾਂ ਮੁਲਜ਼ਮ ਨੇ ਬੇਝਿਜਕ ਖ਼ੁਲਾਸਾ ਕੀਤਾ ਕਿ ਉਸ ਦੇ ਆਪਣੇ ਦੋਸਤ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ , ਜਦਕਿ ਉਸ ਦੇ ਦੋਸਤ ਦੀ ਪਤਨੀ ਆਪਣੀ ਧੀ ਨੂੰ ਛੱਡ ਕੇ ਘਰੋਂ ਭੱਜੀ ਹੋਈ ਹੈ ਤੇ ਸੁਖਵਿੰਦਰ ਉਸ ਨੂੰ ਹੀ ਘਰ ਲਿਆ ਕੇ ਵਸਾਉਣਾ ਚਾਹੁੰਦਾ ਸੀ।

ਹਰਲੀਨ ਨੇ ਦੱਸਿਆ ਕਿ ਸਾਜ਼ਿਸ਼ ਤਹਿਤ ਉਸ ਦਾ ਪਤੀ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਉਸ ਲਈ ਘਰ ’ਚ ਜੂਸ ਲਿਆ ਕੇ ਦੇ ਰਿਹਾ ਸੀ। ਬੀਤੀ 6 ਜੂਨ ਨੂੰ ਮੁਲਜ਼ਮ ਜੋ ਜੂਸ ਲਿਆਇਆ, ਉਸ ’ਚ ਉਸ ਨੇ ਕੋਈ ਜ਼ਹਿਰੀਲੀ ਚੀਜ਼ ਮਿਲਾਈ ਹੋਈ ਸੀ। ਜਦੋਂ ਪੀੜਤਾਂ ਨੇ ਜੂਸ ਦੇ ਕੌੜੇਪਣ ’ਤੇ ਸਵਾਲ ਚੁੱਕਿਆ ਤਾਂ ਮੁਲਜ਼ਮ ਨੇ ਝਾਂਸਾ ਦੇ ਕੇ ਉਸ ਨੂੰ ਜ਼ਬਰਦਸਤੀ ਪੂਰਾ ਜੂਸ ਪਿਆ ਦਿੱਤਾ ਤੇ ਖ਼ੁਦ ਘਰੋਂ ਬਾਹਰ ਨਿਕਲ ਗਿਆ।

ਜੂਸ ਪੀਣ ਦੇ ਅੱਧੇ ਘੰਟੇ ਬਾਅਦ ਹੀ ਪੀੜਤਾਂ ਦੇ ਢਿੱਡ ’ਚ ਅਸਹਿ ਦਰਦ ਸ਼ੁਰੂ ਹੋ ਗਿਆ ਤੇ ਭਾਰੀ ਬਲੀਡਿੰਗ ਕਾਰਨ ਉਸ ਦਾ ਗਰਭਪਾਤ ਹੋ ਗਿਆ। ਪੀੜਤਾਂ ਪੂਰੀ ਰਾਤ ਦਰਦ ਨਾਲ ਤੜਫਦੀ ਰਹੀ ਤੇ ਪਤੀ ਨੂੰ ਫ਼ੋਨ ਕਰਦੀ ਰਹੀ ਪਰ ਮੁਲਜ਼ਮ ਘਰ ਨਹੀਂ ਆਇਆ। ਮੁਲਜ਼ਮ ਨੇ ਕਿਹਾ ਕਿ ਮੈਂ ਸਟੇਸ਼ਨ ’ਤੇ ਬੈਠ ਕੇ ਜ਼ਿਆਦਾ ਸ਼ਰਾਬ ਪੀ ਲਈ ਹੈ, ਜੇ ਤੂੰ ਵੀ ਬੱਚੇ ਦੀ ਮੌਤ ਦਾ ਜਸ਼ਨ ਮਨਾਉਣਾ ਹੈ ਤਾਂ ਆ ਜਾ। ਤਬੀਅਤ ਜ਼ਿਆਦਾ ਵਿਗੜਨ ’ਤੇ ਪੀੜਤਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੁਲਾਇਆ ਜੋ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਡਾਕਟਰਾਂ ਨੇ ਉਸ ਦੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਦੀ ਪੁਸ਼ਟੀ ਕੀਤੀ।

ਮਾਮਲੇ ਸਬੰਧੀ ਥਾਣਾ ਸ਼ਿਮਲਾਪੁਰੀ ਦੇ ਸਬ-ਇੰਸਪੈਕਟਰ ਸਲਵਿੰਦਰ ਪਾਲ ਨੇ ਦੱਸਿਆ ਕਿ ਪੀੜਤ ਹਰਲੀਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਤੀ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫ਼ਰਾਰ ਹੈ, ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
 


author

Anmol Tagra

Content Editor

Related News