ਪੀ. ਐੱਸ. ਯੂ. ਨੇ ਕੀਤਾ ਰੋਸ ਪ੍ਰਦਰਸ਼ਨ
Saturday, Aug 18, 2018 - 11:28 PM (IST)

ਸ੍ਰੀ ਮੁਕਤਸਰ ਸਾਹਿਬ, (ਪਵਨ, ਦਰਦੀ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ’ਚ ਸ਼ਰਾਰਤੀ ਅਨਸਰਾਂ ਵੱਲੋਂ ਜੇ. ਐੱਨ. ਯੂ. ਦੇ ਵਿਦਿਆਰਥੀਆਂ ਉੱਪਰ ਕੀਤੇ ਗਏ ਦੇਸ਼ ਧਰੋਹ ਅਤੇ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਅਾਂ ਪੀ. ਐੱਸ. ਯੂ. ਦੇ ਜ਼ਿਲਾ ਆਗੂ ਸੁਖਮੰਦਰ ਕੌਰ ਨੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਘੱਟ ਗਿਣਤੀਆਂ ਤੇ ਵਿਦਿਆਰਥੀਆਂ ਉੱਪਰ ਹਮਲੇ ਕਰ ਰਹੀ ਹੈ ਅਤੇ ਬੋਲਣ ਦੀ ਅਾਜ਼ਾਦੀ ਖੋਹ ਰਹੀ ਹੈ। ਸਰਕਾਰ ਖਿਲਾਫ਼ ਬੋਲਣ ਵਾਲੇ ਹਰ ਇਕ ਵਿਅਕਤੀ ਨੂੰ ਉਹ ਦੇਸ਼ ਧਰੋਹ ਅਤੇ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ। ਇਸੇ ਤਰ੍ਹਾਂ ਹੀ ਪਹਿਲਾਂ ਫਰਵਰੀ 2016 ’ਚ ਇਨ੍ਹਾਂ ਵਿਦਿਆਰਥੀਆਂ ’ਤੇ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ ਗਏ ਸਨ। ਹੁਣ 13 ਅਗਸਤ, 2018 ਨੂੰ ਉਮਰ ਖਾਲਿਦ ਨਾਂ ਦੇ ਵਿਦਿਆਰਥੀ ’ਤੇ ਸਰਕਾਰ ਦੇ ਗੁੰਡਿਆਂ ਨੇ ਹਮਲਾ ਕੀਤਾ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰ ਖਿਲਾਫ਼ ਬੋਲਣ ਵਾਲੇ ਕਈ ਬੁੱਧਜੀਵੀ ਜਿਵੇਂ ਗੌਰੀ ਲੰਕੇਸ਼, ਸੁਜਾਤ ਬੋਖਾਰੀ ਅਤੇ ਹੋਰ ਪਹਿਲਾਂ ਹੀ ਇਨ੍ਹਾਂ ਦੀ ਘਿਨੌਣੀ ਸਾਜ਼ਿਸ਼ ਦਾ ਸ਼ਿਕਾਰ ਬਣ ਗਏ ਹਨ ਪਰ ਹੁਣ ਸਰਕਾਰ ਜੇ. ਐੱਨ. ਯੂ. ਦੇ ਵਿਦਿਆਰਥੀ, ਜੋ ਸਮਾਜ ਵਿਚ ਹਰ ਧੱਕੇ ’ਤੇ ਸਰਕਾਰ ਖਿਲਾਫ਼ ਬੋਲਣ ਦੀ ਹਿੰਮਤ ਰੱਖਦੇ ਹਨ, ਉਹ ਇਨ੍ਹਾਂ ਦੀ ਅੱਖ ਵਿਚ ਰਡ਼ਕ ਰਹੇ ਹਨ, ਜਿਸ ਕਰ ਕੇ ਸਰਕਾਰ ਇਨ੍ਹਾਂ ’ਤੇ ਜਾਨੀ ਹਮਲੇ ਕਰਵਾ ਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਅਤੇ ਇਸੇ ਏਜੰਡੇ ਤਹਿਤ ਹੀ ਉਨ੍ਹਾਂ ਨੇ ਜੇ. ਐੱਨ. ਯੂ. ਵਿਚ ਆਮ ਲੋਕਾਂ ਲਈ ਪ੍ਰੋਗਰਾਮ ਵਿਦਿਆਰਥੀਆਂ ਵੱਲੋਂ ਕਰਵਾਇਆ ਜਾਣਾ ਸੀ, ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀ. ਐੱਸ. ਯੂ. ਦੇ ਜ਼ਿਲਾ ਆਗੂ ਸਤਵੀਰ ਕੌਰ ਅਤੇ ਕਾਲਜ ਕਮੇਟੀ ਜਗਮੀਤ ਸਿੰਘ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਘਿਨੌਣੀਆਂ ਅਤੇ ਕੋਝੀਆਂ ਚਾਲਾਂ ਚੱਲ ਰਹੀ ਹੈ, ਉਹ ਦਲਿਤਾਂ ਨੂੰ ਗਊ ਮਾਸ ਦੇ ਨਾਂ ’ਤੇ ਕੁੱਟ-ਮਾਰ ਰਹੀ ਹੈ ਅਤੇ ਮੁਸਲਿਮ ਜਾਤੀ ਨਾਲ ਸਬੰਧਤ ਵਰਗ ’ਤੇ ਜਾਨੀ ਹਮਲੇ ਕਰਵਾ ਕੇ ਮਰਵਾ ਰਹੀ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੇ ਪਹਿਲਾਂ ਰੋਹਿਤ ਵਮਲਾ, ਨਜ਼ੀਬ ਅਹਿਮਦ ਵਿਦਿਆਰਥੀਆਂ ਨੂੰ ਖੁਦਕੁਸ਼ੀ ਅਤੇ ਲਾਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇਕ ਨਜ਼ੀਬ ਨੂੰ ਲਾਪਤਾ ਕਰਨ ਵਿਚ ਕਾਮਯਾਬ ਹੋ ਸਕਦੇ ਹਨ, ਉਮਰ ਖਾਲਿਦ ਉੱਪਰ ਹਮਲਾ ਕਰਵਾ ਸਕਦੇ ਹਨ, ਗੌਰੀ ਲੰਕੇਸ਼, ਸੁਜਾਤ ਬੁਖਾਰੀ ਨੂੰ ਸੱਚ ਬੋਲਣ ਤੋਂ ਰੋਕ ਸਕਦੀ ਹੈ ਪਰ ਉਸ ਨਾਲ ਖਡ਼੍ਹੇ ਹਰ ਵਿਦਿਆਰਥੀ ਨੂੰ ਨਹੀਂ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ’ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।