ਪ੍ਰਾਪਰਟੀ ਟੈਕਸ : ਪਹਿਲਾਂ 5 ਹਜ਼ਾਰ ਤੋਂ ਉੱਪਰ ਦੇ ਡਿਫਾਲਟਰਾਂ ''ਤੇ ਹੋਵੇਗੀ ਕਾਰਵਾਈ

07/20/2017 3:59:52 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਨੇ ਖਾਲੀ ਖਜ਼ਾਨੇ ਦੇ ਦੌਰ 'ਚ ਰੂਟੀਨ ਖਰਚੇ ਤੱਕ ਚਲਾਉਣ ਦੀ ਸਮੱਸਿਆ ਆਉਣ ਦੇ ਮੱਦੇਨਜ਼ਰ ਬਕਾਇਆ ਟੈਕਸ ਵਸੂਲੀ ਸਬੰਧੀ ਮੁਹਿੰਮ ਤੇਜ਼ ਕਰਨ ਦਾ ਜੋ ਫੈਸਲਾ ਲਿਆ ਹੈ। ਉਸ ਦੇ ਤਹਿਤ ਪਹਿਲੇ ਗੇੜ ਵਿਚ 5 ਹਜ਼ਾਰ ਤੋਂ ਉੱਪਰ ਦਾ ਪ੍ਰਾਪਰਟੀ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਅਗਵਾਈ 'ਚ ਹੋਈ ਰੀਵਿਊ ਮੀਟਿੰਗ ਦੌਰਾਨ ਸਾਰੇ ਜ਼ੋਨਾਂ ਦੇ ਸੁਪਰਡੈਂਟ ਅਤੇ ਇੰਸਪੈਕਟਰਾਂ ਨੂੰ ਨੋਟਿਸ ਭੇਜਣ ਦੀ ਮੁਹਿੰਮ ਜ਼ੋਰਾਂ 'ਤੇ ਹੋਣ ਦਾ ਦਾਅਵਾ ਕਰ ਦਿੱਤਾ ਹੈ ਪਰ ਜਦ 10 ਹਜ਼ਾਰ ਤੋਂ ਉੱਪਰ ਦੇ ਡਿਫਾਲਟਰਾਂ ਦੀ ਰਿਪੋਰਟ ਪੇਸ਼ ਕੀਤੀ ਤਾਂ ਕਈ ਬਲਾਕਾਂ 'ਚੋਂ ਤਾਂ ਇਸ ਕੈਟਾਗਿਰੀ ਤਹਿਤ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਅਤੇ ਬਾਕੀ ਜ਼ੋਨਾਂ 'ਚ ਗਿਣਤੀ ਦੇ ਹੀ ਮਾਮਲੇ ਸਨ। ਉਸ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਕਿ ਹਰੇਕ ਬਲਾਕ ਵਾਈਜ਼ 5 ਹਜ਼ਾਰ ਤੋਂ ਉੱਪਰ ਦਾ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਦੀਆਂ ਲਿਸਟਾਂ ਤਿਆਰ ਕਰ ਕੇ ਨੋਟਿਸ ਜਾਰੀ ਕੀਤੇ ਜਾਣ, ਜਿਸ ਸਬੰਧੀ ਹੋਈ ਕਾਰਵਾਈ ਦੀ ਮੋਨੀਟਰਿੰਗ ਲਈ ਇਕ ਹਫਤੇ ਬਾਅਦ ਫਿਰ ਤੋਂ ਮੀਟਿੰਗ ਬੁਲਾਈ ਗਈ ਹੈ। 
ਸੀਲਿੰਗ ਤੋਂ ਬਾਅਦ ਵਪਾਰਕ ਕੰਪਲੈਕਸਾਂ ਨੇ ਜਮ੍ਹਾ ਕਰਵਾਇਆ ਲੱਖਾਂ ਦਾ ਟੈਕਸ
ਨਗਰ ਨਿਗਮ ਦੇ ਜ਼ੋਨ ਡੀ. ਦੀ ਇਮਾਰਤੀ ਸ਼ਾਖਾ ਵੱਲੋਂ ਮਾਡਲ ਟਾਊਨ ਅਤੇ ਸਰਾਭਾ ਨਗਰ ਇਲਾਕੇ ਵਿਚ ਕੀਤੀ ਗਈ ਸੀਲਿੰਗ ਦੀ ਕਾਰਵਾਈ ਤੋਂ ਬਾਅਦ ਵਪਾਰਕ ਕੰਪਲੈਕਸਾਂ ਨੇ ਲੱਖਾਂ ਦਾ ਬਣਦਾ ਟੈਕਸ ਜਮ੍ਹਾ ਕਰਵਾ ਦਿੱਤਾ। ਅਫਸਰਾਂ ਨੇ ਦੱਸਿਆ ਕਿ ਇਨ੍ਹਾਂ ਕੰਪਲੈਕਸਾਂ ਨੂੰ ਰਿਹਾਇਸ਼ੀ ਉਸਾਰੀ ਲਈ ਨਕਸ਼ਾ ਪਾਸ ਕਰਵਾ ਕੇ ਬਣਾਇਆ ਗਿਆ ਸੀ ਪਰ ਮੌਕੇ 'ਤੇ ਵਪਾਰਕ ਗਤੀਵਿਧੀਆਂ ਹੋ ਰਹੀਆਂ ਹਨ, ਜਿਨ੍ਹਾਂ ਬਦਲੇ ਚੇਂਜ ਆਫ ਲੈਂਡ ਯੂਜ਼ ਫੀਸ ਦੀ ਵਸੂਲੀ ਜ਼ਰੂਰੀ ਹੈ। ਜਦੋਂ ਸੀਲਿੰਗ ਦੀ ਕਾਰਵਾਈ ਕੀਤੀ ਗਈ ਤਾਂ ਇਮਾਰਤ ਮਾਲਕ ਕੁੱਝ ਸਮੇਂ ਬਾਅਦ ਹੀ ਟੈਕਸ ਜਮ੍ਹਾ ਕਰਵਾਉਣ ਨੂੰ ਤਿਆਰ ਹੋ ਗਏ।
ਫਿਲਹਾਲ ਇਕ ਵਾਰ ਦੇ ਬਾਅਦ ਟੈਕਸ ਨਾ ਦੇਣ ਵਾਲੇ ਆਉਣਗੇ ਦਾਇਰੇ 'ਚ
ਨਿਗਮ ਵਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੇ ਦਾਇਰੇ ਵਿਚ ਫਿਲਹਾਲ ਉਹ ਲੋਕ ਹੀ ਆਉਣਗੇ, ਜਿਨ੍ਹਾਂ ਨੇ 2013-14 ਦੇ ਬਾਅਦ ਇਕ ਵਾਰ ਵੀ ਦੁਬਾਰਾ ਟੈਕਸ ਨਹੀਂ ਭਰਿਆ, ਕਿਉਂਕਿ ਹੁਣ ਉਸੇ ਕੈਟਾਗਿਰੀ ਦੀ ਡਿਫਾਲਟਰ ਲਿਸਟ ਤਿਆਰ ਕੀਤੀ ਗਈ ਹੈ, ਜਿਨ੍ਹਾਂ 'ਚ ਦੇਣਦਾਰਾਂ ਦੀ ਗਿਣਤੀ 1 ਲੱਖ ਤੋਂ 1.40 ਲੱਖ ਦੇ ਵਿਚਕਾਰ ਦੱਸੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ 1 ਲੱਖ ਲੋਕਾਂ ਵੱਲੋਂ ਹੁਣ ਵੀ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ, ਜਿਨ੍ਹਾਂ ਨੇ ਇਕ ਵਾਰ ਵੀ ਟੈਕਸ ਨਹੀਂ ਭਰਿਆ। ਇਸੇ ਤਰ੍ਹਾਂ ਦੋ ਜਾਂ ਤਿੰਨ ਸਾਲ ਦਾ ਟੈਕਸ ਭਰਨ ਤੋਂ ਬਾਅਦ ਦੁਬਾਰਾ ਨਾ ਰਿਟਰਨ ਜਮ੍ਹਾ ਕਰਵਾਉਣ ਵਾਲੇ ਕੁਝ ਦੇਰ ਲਈ ਨਿਗਮ ਦੇ ਰਾਡਾਰ ਤੋਂ ਬਚੇ ਰਹਿਣਗੇ।
ਮੈਨੂਅਲ ਅਤੇ ਡਬਲ ਆਈ. ਡੀ. ਰਸੀਦਾਂ ਦੀ ਪੇਸਟਿੰਗ ਨਾ ਹੋਣ ਕਾਰਨ ਵੀ ਵਧਿਆ ਅੰਕੜਾ
ਨਿਗਮ ਵੱਲੋਂ ਇਸ ਸਮੇਂ ਡਿਫਾਲਟਰਾਂ ਦਾ ਜੋ ਅੰਕੜਾ ਬਣਾਇਆ ਗਿਆ ਹੈ। ਉਸ ਵਿਚ ਵੱਡੀ ਗਿਣਤੀ 'ਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਮੈਨੂਅਲ ਰਸੀਦ ਕਟਵਾਈ ਹੈ ਜਾਂ ਆਨਲਾਈਨ ਅਤੇ ਬੈਂਕ ਦੇ ਜ਼ਰੀਏ ਨਵੀਂ ਆਈ. ਡੀ. ਬਣਾ ਕੇ ਰਿਟਰਨ ਭਰੀ ਹੈ, ਜਿਨ੍ਹਾਂ ਨੂੰ ਨੋਟਿਸ ਭੇਜੇ ਜਾਣ 'ਤੇ ਖੁਲਾਸਾ ਹੋ ਰਿਹਾ ਹੈ ਕਿ ਪੂਰਾ ਟੈਕਸ ਭਰਿਆ ਹੋਣ ਦੇ ਬਾਵਜੂਦ ਰਿਕਾਰਡ 'ਚ ਪੇਸਟਿੰਗ ਨਾ ਹੋਣ ਕਾਰਨ ਡਿਮਾਂਡ ਨਿਕਲ ਰਹੀ ਹੈ। ਹੁਣ ਲੋਕਾਂ ਵਲੋਂ ਰਸੀਦਾਂ ਦਿਖਾਉਣ 'ਤੇ ਡਿਫਾਲਟਰਾਂ ਦੀ ਗਿਣਤੀ ਘੱਟ ਹੋ ਰਹੀ ਹੈ। 
ਇਹ ਹਨ ਐਕਸ਼ਨ ਦੇ ਨਿਯਮ
ਪਹਿਲਾਂ ਜਾਰੀ ਹੋਵੇਗਾ ਤਿੰਨ ਦਿਨ 'ਚ ਬਕਾਇਆ ਜਮ੍ਹਾ ਕਰਵਾਉਣ ਦਾ ਨੋਟਿਸ
ਫਿਰ ਵੀ ਵਸੂਲੀ ਨਾ ਹੋਣ 'ਤੇ ਇੰਸਪੈਕਟਰ ਕਰੇਗਾ ਮੌਕੇ 'ਤੇ ਵਿਜ਼ਿਟ
ਡਿਊਜ਼ ਨਾ ਮਿਲਣ 'ਤੇ ਨਵੇਂ ਸਿਰੇ ਤੋਂ ਹੋਵੇਗੀ ਪ੍ਰਾਪਰਟੀ ਟੈਕਸ ਦੀ ਅਸਿਸਮੈਂਟ
ਪਹਿਲੇ ਗਲਤ ਟੈਕਸ ਭਰਿਆ ਹੋਣ ਦੀ ਹਾਲਤ ਵਿਚ ਲੱਗੇਗੀ ਡਬਲ ਪੈਨਲਟੀ
ਉਸਦੇ ਬਾਅਦ ਵੀ ਟੈਕਸ ਨਾ ਦੇਣ 'ਤੇ ਹੋਵੇਗੀ ਪ੍ਰਾਪਰਟੀ ਅਟੈਚਮੈਂਟ
ਫਿਰ ਬਿਲਡਿੰਗ ਨੂੰ ਸੀਲ ਕਰ ਕੇ ਨਿਲਾਮ ਕਰਨ ਦਾ ਹੈ ਆਦੇਸ਼ 


Related News