ਵੈਸਟਇੰਡੀਜ਼ ਦੇ ਡੇਵੋਨ ਥਾਮਸ ’ਤੇ ਮੈਚ ਫਿਕਸਿੰਗ ਲਈ ਲੱਗੀ 5 ਸਾਲ ਦੀ ਪਾਬੰਦੀ
Friday, May 03, 2024 - 01:29 PM (IST)
ਸਪੋਰਟਸ ਡੈਸਕ ਵੈਸਟਇੰਡੀਜ਼ ਦੇ ਬੱਲੇਬਾਜ਼ ਡੇਵੋਨ ਥਾਮਸ ’ਤੇ ਮੈਚ ਫਿਕਸਿੰਗ ਦੇ ਮਾਮਲੇ ’ਚ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਦੁਬਈ ਸਥਿਤ ਆਈ. ਸੀ. ਸੀ. ਨੇ ਕਿਹਾ ਕਿ 34 ਸਾਲਾ ਥਾਮਸ ਨੇ ‘ਸ਼੍ਰੀਲੰਕਾ ਕ੍ਰਿਕਟ, ਅਮੀਰਾਤ ਕ੍ਰਿਕਟ ਬੋਰਡ ਅਤੇ ਕੈਰੇਬੀਅਨ ਪ੍ਰੀਮੀਅਰ ਲੀਗ ਦੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ 7 ਮਾਮਲਿਆਂ’ ਨੂੰ ਸਵੀਕਾਰ ਕੀਤਾ ਹੈ।
ਇਹ ਉਲੰਘਣਾਵਾਂ ਖੇਡਾਂ ਦੇ ਨਤੀਜਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਅਤੇ ਸਬੂਤਾਂ ਨੂੰ ਛੁਪਾਉਣ, ਛੇੜਛਾੜ ਜਾਂ ਨਸ਼ਟ ਕਰਨ ਅਤੇ ਜਾਂਚ ’ਚ ਰੁਕਾਵਟ ਪਾਉਣ ਨਾਲ ਸਬੰਧਤ ਹਨ। ਥਾਮਸ ’ਤੇ ਪਾਬੰਦੀ ਪਿਛਲੇ ਸਾਲ 23 ਮਈ ਤੋਂ ਲਾਗੂ ਹੋਵੇਗੀ ਜਦੋਂ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਪਾਬੰਦੀ ਦੇ ਆਖਰੀ 18 ਮਹੀਨੇ ਮੁਲਤਵੀ ਰਹਿਣਗੇ। ਆਈ ਸੀ. ਸੀ. ਦੇ ਜਨਰਲ ਮੈਨੇਜਰ ਐਲੇਕਸ ਮਾਰਸ਼ਲ ਨੇ ਕਿਹਾ,‘ਇਹ ਪਾਬੰਦੀ ਉਚਿਤ ਹੈ ਅਤੇ ਇਸ ਨਾਲ ਖਿਡਾਰੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਸਾਡੀ ਖੇਡ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।’