ਹੁਣ 15 ਅਗਸਤ ਤੱਕ ਭਰਿਆ ਜਾ ਸਕੇਗਾ ਬਿਨਾਂ ਵਿਆਜ ਤੋਂ ਪ੍ਰਾਪਰਟੀ ਟੈਕਸ

Sunday, Aug 03, 2025 - 02:34 PM (IST)

ਹੁਣ 15 ਅਗਸਤ ਤੱਕ ਭਰਿਆ ਜਾ ਸਕੇਗਾ ਬਿਨਾਂ ਵਿਆਜ ਤੋਂ ਪ੍ਰਾਪਰਟੀ ਟੈਕਸ

ਜ਼ੀਰਕਪੁਰ (ਜੁਨੇਜਾ) : ਪ੍ਰਾਪਰਟੀ ਟੈਕਸ ਭਰਨ ਵਾਲਿਆਂ ਵਾਸਤੇ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਦਿੰਦਿਆਂ ‘ਵਨ ਟਾਈਮ ਸੈਟਲਮੈਂਟ’ ਸਕੀਮ ’ਚ 15 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਜ਼ੀਰਕਪੁਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਵਨ ਟਾਈਮ ਸੈਟਲਮੈਂਟ’ ਸਕੀਮ ’ਚ 15 ਅਗਸਤ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਪ੍ਰਾਪਰਟੀ ਟੈਕਸ ਭਰਨ ਵਾਲੇ ਬਿਨਾਂ ਵਿਆਜ ਤੋਂ 15 ਅਗਸਤ ਤੱਕ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ।

ਪਹਿਲਾ ਇਹ ਸਕੀਮ ਸਿਰਫ਼ 31 ਜੁਲਾਈ ਤੱਕ ਲਈ ਸੀ ਪਰ ਪੰਜਾਬ ਸਰਕਾਰ ਵੱਲੋਂ ਦੁਬਾਰਾ ਹੁਕਮ ਜਾਰੀ ਕਰਦਿਆਂ ਸਕੀਮ ’ਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2013 ਤੋਂ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ ਪਰ ਵੱਡੀ ਗਿਣਤੀ ’ਚ ਸ਼ਹਿਰੀ ਵਸਨੀਕ ਆਪੋ-ਆਪਣੀਆਂ ਪ੍ਰਾਪਰਟੀਆਂ ਦੇ ਟੈਕਸ ਭਰਨ ’ਚ ਅਸਫਲ ਰਹੇ। ਇਸ ਕਾਰਨ ਉਨ੍ਹਾਂ ਨੂੰ ਮੋਟੀਆਂ ਰਕਮਾਂ ਵਿਆਜ ਦੇ ਰੂਪ ’ਚ ਭਰਨੀਆਂ ਪੈ ਰਹੀਆਂ ਸਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ‘ਵਨ ਟਾਈਮ ਸੈਟਲਮੈਂਟ’ ਸਕੀਮ ਲਾਗੂ ਕੀਤੀ ਗਈ, ਜੋ 31 ਜੁਲਾਈ ਤੱਕ ਸੀ। ਹੁਣ ਪੰਜਾਬ ਸਰਕਾਰ ਵੱਲੋਂ ਇਸ ਸਕੀਮ ’ਚ 15 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਆਪੋ-ਆਪਣੇ ਪ੍ਰਾਪਰਟੀ ਟੈਕਸ 15 ਅਗਸਤ ਤੋਂ ਪਹਿਲਾਂ-ਪਹਿਲਾਂ ਬਿਨਾਂ ਵਿਆਜ ਭਰਾ ਕੇ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹਨ।


author

Babita

Content Editor

Related News